ਬਰਨਾਲਾ: ਡੀਸੀ ਦਫਤਰ ਬਰਨਾਲਾ ਦੇ ਸਮੂਹ ਆਊਟਸੋਰਸਿੰਗ ਮੁਲਾਜ਼ਮਾਂ ਵੱਲੋ ਡੀਸੀ ਦਫ਼ਤਰ ਬਰਨਾਲਾ ਵਿਖੇ ਮੁੜ ਸੰਘਰਸ਼ ਦਾ ਐਲਾਨ ਕੀਤਾ ਗਿਆ। ਯੂਨੀਅਨ ਦੇ ਸੂਬਾ ਪ੍ਰਧਾਨ ਰਮਨਪ੍ਰੀਤ ਕੌਰ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਜੀ ਦੀ ਬਰਸੀ ਮੌਕੇ 19 ਜਨਵਰੀ ਨੂੰ ਸਭ ਦੀ ਹਾਜ਼ਰੀ 'ਚ ਸਾਨੂੰ ਨੌਕਰੀ ਤੋਂ ਫਾਰਗ ਨਾ ਕਰਨ ਸਬੰਧੀ ਭਰੋਸਾ ਦਿੱਤਾ ਗਿਆ ਸੀ, ਪਰ 21 ਦਿਨ ਬੀਤ ਜਾਣ ਦੇ ਬਾਵਜੂਦ ਵੀ ਸਾਡੇ ਰੁਜ਼ਗਾਰ ਤੇ ਫਾਰਗੀ ਦੀ ਤਲਵਾਰ ਉਸੇ ਤਰ੍ਹਾਂ ਹੀ ਲਟਕੀ ਹੋਈ ਹੈ।
ਇਹ ਵੀ ਪੜੋ: Earthquakes in Turkey and Syria: ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 15,000 ਤੋਂ ਪਾਰ
ਉਹਨਾਂ ਨੇ ਕਿਹਾ ਕਿ ਮੌਜੂਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਡਾ ਰੁਜ਼ਗਾਰ ਬਚਾਉਣ ਲਈ ਕੋਈ ਦਿਲਚਸਪੀ ਨਹੀਂ ਦਿਖਾਈ ਜਾ ਰਹੀ। ਪਹਿਲਾਂ ਸਾਡਾ ਧਰਨਾ ਹਲਕੇ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਓਐਸਡੀ ਵੱਲੋ 22 ਜਨਵਰੀ ਨੂੰ ਪੂਰਨ ਵਿਸ਼ਵਾਸ 'ਤੇ ਚੁਕਵਾਇਆ ਗਿਆ ਸੀ, ਉਹਨਾਂ ਕਿਹਾ ਸੀ ਕਿ "ਮੁੱਖ ਮੰਤਰੀ ਵੱਲੋ ਕੀਤੇ ਐਲਾਨ ਨੂੰ ਹਰ ਹਾਲਤ ਤੇ ਪੂਰਾ ਕੀਤਾ ਜਾਵੇਗਾ ਅਤੇ ਤੁਹਾਡਾ ਰੁਜ਼ਗਾਰ ਇਸੇ ਤਰ੍ਹਾਂ ਸੁਰੱਖਿਅਤ ਰਹੇਗਾ"। ਪਰ ਹਲਾਤਾ ਨੂੰ ਦੇਖ ਕੇ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ 28 ਫਰਵਰੀ 2023 ਨੂੰ ਸਾਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਜਾਵੇਗਾ, ਕਿਉਂਕਿ ਸਾਡਾ ਪਿਛਲੇ ਸਾਲ ਦਾ ਬਜਟ 28 ਫਰਵਰੀ ਨੂੰ ਖ਼ਤਮ ਹੋ ਰਿਹਾ ਹੈ।
ਉਹਨਾਂ ਕਿਹਾ ਕਿ ਹੁਣ ਸਾਡਾ ਸਰਕਾਰ ਅਤੇ ਪਰਸ਼ਾਸਨ ਤੋਂ ਭਰੋਸਾ ਉਠ ਰਿਹਾ ਹੈ ਅਤੇ ਅੱਜ ਅਗਲੇ ਸੰਘਰਸ਼ ਦਾ ਐਲਾਨ ਕਰਦੇ ਹਾਂ। ਜੇਕਰ ਮੌਜੂਦਾ ਪ੍ਰਸ਼ਾਸਨ ਵੱਲੋ ਸਾਨੂੰ 15 ਫ਼ਰਵਰੀ 2023 ਤੱਕ ਸਾਡਾ ਰੁਜ਼ਗਾਰ ਸੁਰੱਖਿਅਤ ਰੱਖਣ ਸਬੰਧੀ ਕੋਈ ਲਿਖਤੀ ਭਰੋਸਾ ਨਹੀ ਦਿੱਤਾ ਜਾਂਦਾ ਤਾਂ ਅਸੀਂ ਮੁੜ 16 ਫ਼ਰਵਰੀ 2023 ਤੋਂ ਅਣਮਿਥੇ ਸਮੇਂ ਲਈ ਹੜਤਾਲ 'ਤੇ ਚਲੇ ਜਾਵਾਂਗੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਤਿੱਖਾ ਸੰਘਰਸ਼ ਸ਼ੁਰੂ ਕਰਾਂਗੇ।