ਬਰਨਾਲਾ : ਕਚਹਿਰੀ ਕੰਪਲੈਕਸ ਵਿੱਚ ਬਣੇ ਸਟੈੰਪ ਪੇਪਰ ਵੈਂਡਰ, ਫੋਟੋਸਟੇਟ, ਰਜਿਸਟਰੀ ਲਿਖਣ ਵਾਲੇ ਲੋਕਾਂ ਦੇ ਗ਼ੈਰਕਾਨੂੰਨੀ ਖੋਖਿਆਂ ਉੱਤੇ ਅੱਜ ਜਿਲ੍ਹਾਂ ਪ੍ਰਸ਼ਾਸਨ ਨੇ ਜੇਸੀਬੀ ਚਲਾਈ। ਖੋਖੇ ਤੋੜੇ ਜਾਣ ਦੇ ਵਿਰੋਧ ਵਿੱਚ ਖੋਖਿਆਂ ਵਿੱਚ ਕੰਮ ਕਰਨ ਵਾਲੇ ਸਾਰੇ ਲੋਕਾਂ ਨੇ ਬਰਨਾਲਾ ਬਠਿੰਡਾ ਰੋਡ ਨੂੰ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਰੋਸ ਪ੍ਰਦਰਸ਼ਨ ਕਰ ਰਹੇ ਦੁਕਾਨ ਮਾਲਕਾਂ ਕੇਵਲ ਸ਼ਰਮਾ 'ਤੇ ਰਾਮ ਕੁਮਾਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਬਿਨਾਂ ਕੋਈ ਨੋਟਿਸ ਅਤੇ ਸੂਚਨਾ ਦਿੱਤੇ ਉਨ੍ਹਾਂ ਨੂੰ ਸਵੇਰੇ ਛੇ ਵਜੇ ਫ਼ੋਨ ਕਰਕੇ ਕਹਿ ਦਿੱਤਾ ਕਿ ਉਨ੍ਹਾਂ ਦੇ ਖੋਖੋ ਦੇ ਅੰਦਰ ਜੋ ਸਾਮਾਨ ਪਿਆ ਹੈ। ਉਹ ਜਲਦੀ ਨਾਲ ਬਾਹਰ ਕੱਢ ਲਵੋ ਨਹੀਂ ਤਾਂ ਖੋਖਿਆਂ ਦੇ ਨਾਲ ਉਹ ਵੀ ਤੋੜ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਇਸ ਖੋਖੇ ਵਿੱਚ ਰਹਿਕੇ ਕੰਮ ਕਰ ਰਹੇ ਹੈ। 200 ਪਰਿਵਾਰਾਂ ਦਾ ਗੁਜਾਰਾ ਸਿੱਧੇ ਇਹਨਾਂ ਖੋਖਿਆਂ ਨਾਲ ਹੋ ਰਿਹਾ ਹੈ। ਉਥੇ 10 ਹਜ਼ਾਰ ਦੇ ਕਰੀਬ ਲੋਕਾਂ ਨੂੰ ਰੋਜ਼ਗਾਰ ਇਨ੍ਹਾਂ ਖੋਖਿਆਂ ਨਾਲ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਦੁਆਰਾ ਉਨ੍ਹਾਂ ਨੂੰ ਨਵੀਂ ਜਗ੍ਹਾ ਜੋ ਅਲਾਟ ਕੀਤੀ ਗਈ ਹੈ। ਉਹ ਬਹੁਤ ਛੋਟੀ ਹੈ ਅਤੇ ਦੋ ਲੋਕਾਂ ਲਈ 8 ਫੁੱਟ ਬਾਏ 6 ਫੁੱਟ ਦੀ ਜਗ੍ਹਾ ਦਿੱਤੀ ਗਈ ਹੈ।
ਇੱਕ ਵਿਅਕਤੀ ਨੂੰ ਸਿਰਫ 8 ਫੁੱਟ ਬਾਏ 3 ਫੁੱਟ ਜਗ੍ਹਾ ਮਿਲੀ ਹੈ। ਜਿਸ ਵਿੱਚ ਵਿਅਕਤੀ ਅਤੇ ਉਸਦੇ ਗਾਹਕਾਂ ਦਾ ਬੈਠਣਾ ਨਾਮੁਮਕਿਨ ਹੈ। ਉਨ੍ਹਾਂ ਕਿਹਾ ਕਿ ਜੇਕਰ ਜਿਲਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਨਾਲ ਧੱਕਾ ਕੀਤਾ ਗਿਆ ਤਾਂ ਉਹ ਸੰਘਰਸ਼ ਨੂੰ ਲਗਾਤਾਰ ਜਾਰੀ ਰੱਖਾਂਗੇ।
ਉਨ੍ਹਾਂ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ 10 ਦਿਨ ਦਾ ਸਮਾਂ ਦਿੱਤਾ ਜਾਵੇ ਅਤੇ ਜੋ ਜਗ੍ਹਾ ਅਲਾਟ ਕੀਤੀ ਗਈ ਹੈ। ਉਸਦੀ ਨਿਸ਼ਾਨਦੇਹੀ ਕਰਵਾਈ ਜਾਵੇ ਤਾਂ ਉਹ ਲੋਕ ਆਪਣੇ ਆਪ ਆਪਣੇ ਖੋਖੇ ਤੋੜ ਦੇਣਗੇ।
ਇਸ ਮੌਕੇ ਤਹਿਸੀਲਦਾਰ ਸੰਦੀਪ ਸਿੰਘ ਅਤੇ ਡੀਐਸਪੀ ਰਾਜੇਸ਼ ਸੁਨੇਹੀ ਨੇ ਦੱਸਿਆ ਕਿ ਜੋ ਲੋਕ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਨੂੰ ਖੋਖੇ ਖਾਲੀ ਕਰਨ ਦਾ ਨੋਟਿਸ ਚੋਣਾਂ ਤੋਂ ਪਹਿਲਾਂ ਹੀ ਦੇ ਦਿੱਤੇ ਗਿਆ ਸੀ। ਨੋਟਿਸ ਬਕਾਇਦਾ ਇਨ੍ਹਾਂ ਦੇ ਦੁਕਾਨਾਂ ਦੇ ਬਾਹਰ ਵੀ ਚਿਪਕਾ ਕੇ ਦਿੱਤੇ ਗਏ ਸਨ। ਲੇਕਿਨ ਇਸਦੇ ਬਾਵਜੂਦ ਵੀ ਇਹਨਾਂ ਲੋਕਾਂ ਵੱਲੋ ਗੈਰਕਾਨੂੰਨੀ ਖੋਖੇ ਬਣਾਏ ਗਏ ਹਨ।
ਜਿਸਦੇ ਬਾਅਦ ਅੱਜ ਜਿਲ੍ਹਾਂ ਪ੍ਰਸ਼ਾਸਨ ਦੁਆਰਾ ਇਨ੍ਹਾਂ ਨੂੰ ਤੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੋਖੇ ਵਿੱਚ ਕੰਮ ਕਰਨ ਵਾਲੇ ਸਾਰੇ ਲੋਕਾਂ ਨੂੰ ਜਿਲ੍ਹਾਂ ਪ੍ਰਸ਼ਾਸਨ ਦੁਆਰਾ ਜਗ੍ਹਾ ਅਲਾਟ ਕਰ ਦਿੱਤੀ ਗਈ ਹੈ। ਇਹ ਲੋਕ ਉੱਥੇੇ ਆਪਣਾ ਕੰਮ ਸ਼ਿਫਟ ਕਰ ਲੈਣ। ਉਨ੍ਹਾਂ ਕਿਹਾ ਕਿ ਧਰਨਾ ਪ੍ਰਦਰਸ਼ਨ ਕਰ ਰਹੇ ਪੰਜ ਲੋਕਾਂ ਨੂੰ ਜਿਲ੍ਹਾਂ ਪ੍ਰਸ਼ਾਸਨ ਦੁਆਰਾ ਗੱਲਬਾਤ ਲਈ ਬੁਲਾਇਆ ਗਿਆ ਹੈ ਅਤੇ ਛੇਤੀ ਹੀ ਮਸਲੇ ਨੂੰ ਹੱਲ ਕਰ ਲਿਆ ਜਾਵੇਗਾ ।
ਇਹ ਵੀ ਪੜ੍ਹੋ:- ਬਾਬਾ ਬਕਾਲਾ ’ਚ ਬੈਂਕ ਲੁੱਟਣ ਦੀ ਨਾਕਾਮ ਕੋਸ਼ਿਸ਼, ਚਾਰ ਗ੍ਰਿਫ਼ਤਾਰ