ਬਰਨਾਲਾ: ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ ਦੀ ਕੋਠੀ ਅੱਗੇ ਬੀਤੇ ਕੱਲ੍ਹ ਤੋਂ ਈਟੀਟੀ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾਇਆ ਹੋਇਆ ਸੀ ਜੋ ਅੱਜ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਤੈਅ ਹੋਣ ਤੋਂ ਬਾਅਦ ਦੇਰ ਸ਼ਾਮ ਸਮਾਪਤ ਕਰ ਦਿੱਤਾ ਗਿਆ। ਪ੍ਰੰਤੂ ਇੰਨ੍ਹਾਂ ਅਧਿਆਪਕਾਂ ਦਾ ਧਰਨਾ ਖ਼ਤਮ ਹੁੰਦੇ ਸਾਰ ਹੀ ਸਿੱਖਿਆ ਵਿਭਾਗ ਵੱਲੋਂ ਧਰਨਾਕਾਰੀ ਅਧਿਆਪਕਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨ ਦੇ ਆਦੇਸ਼ ਜਾਰੀ (Order issued against disciplinary action against ETT teachers ) ਕਰ ਦਿੱਤੇ ਗਏ ਹਨ।
ਇਸ ਸਬੰਧੀ ਇਕ ਬਕਾਇਦਾ ਦਫ਼ਤਰੀ ਨੋਟਿਸ ਸਿੱਖਿਆ ਵਿਭਾਗ ਦੇ ਸਹਾਇਕ ਡਾਇਰੈਕਟਰ ਵੱਲੋਂ ਵੱਖ ਵੱਖ ਜ਼ਿਲ੍ਹਿਆਂ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਭੇਜੇ ਗਏ ਹਨ। ਇਸ ਦਫ਼ਤਰੀ ਨੋਟਿਸ ਵਿੱਚ ਵਿਸ਼ੇਸ਼ ਤੌਰ ’ਤੇ ਇਹ ਗੱਲ ਰੱਖੀ ਗਈ ਹੈ ਕਿ ਜਿੰਨ੍ਹਾਂ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਧਰਨਾ ਲਗਾਉਣ ਲਈ ਵਰਕਿੰਗ ਡੇਅ 'ਤੇ ਘਰੇਲੂ ਜਾਂ ਜ਼ਰੂਰੀ ਕੰਮ ਲਈ ਛੁੱਟੀ ਲਈ ਹੈ ਉਨ੍ਹਾਂ ਦੀ ਛੁੱਟੀ ਨੂੰ ਰੱਦ ਕਰਦੇ ਹੋਏ ਬਤੌਰ ਨਿਯੁਕਤੀ ਅਧਿਕਾਰੀ ਹੋਣ ਕਰਕੇ ਸਬੰਧਤ ਅਧਿਆਪਕਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਇਸ ਸਬੰਧੀ ਕਿਸੇ ਕਿਸਮ ਦੀ ਅਣਗਹਿਲੀ ਹੋਣ ਦੀ ਸੂਰਤ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਭਰ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਈਟੀਟੀ ਅਧਿਆਪਕਾਂ ਵੱਲੋਂ ਐਤਵਾਰ ਸਵੇਰ ਤੋਂ ਸਿੱਖਿਆ ਮੰਤਰੀ ਮੀਤ ਹੇਅਰ ਦੀ ਕੋਠੀ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾਇਆ ਗਿਆ ਸੀ। ਇਹ ਅਧਿਆਪਕ ਪਿਛਲੇ ਇੱਕ ਸਾਲ ਤੋਂ ਡੈਪੂਟੇਸ਼ਨ ’ਤੇ ਆਪਣੇ ਸਟੇਸ਼ਨ ਛੱਡ ਕੇ 100 ਤੋਂ 200 ਕਿਲੋਮੀਟਰ ਦੂਰ ਸਕੂਲਾਂ ਵਿੱਚ ਡਿਊਟੀ ਕਰ ਰਹੇ ਹਨ।
ਇੰਨ੍ਹਾਂ ਦੀ ਮੰਗ ਹੈ ਕਿ ਡੈਪੂਟੇਸ਼ਨਾਂ ਰੱਦ ਕਰਕੇ ਉਨ੍ਹਾਂ ਨੂੰ ਆਪਣੇ ਘਰਾਂ ਨਜ਼ਦੀਕ ਸਕੂਲਾਂ ਵਿੱਚ ਤਬਦੀਲ ਕੀਤਾ ਜਾਵੇ ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਅੱਜ ਸ਼ਾਮ ਤੱਕ ਧਰਨਾ ਜਾਰੀ ਰੱਖਿਆ ਗਿਆ। ਅੱਜ ਸ਼ਾਮ ਸਿੱਖਿਆ ਵਿਭਾਗ ਵੱਲੋਂ ਧਰਨਾਕਾਰੀ ਅਧਿਆਪਕਾਂ ਨੂੰ ਇੱਕ ਦਫ਼ਤਰੀ ਪੱਤਰ ਜਾਰੀ ਕਰਕੇ ਛੇ ਅਪ੍ਰੈਲ ਨੂੰ ਸਿੱਖਿਆ ਮੰਤਰੀ ਨਾਲ ਚੰਡੀਗੜ੍ਹ ਸਕੱਤਰੇਤ ਵਿਖੇ ਪੈਨਲ ਮੀਟਿੰਗ ਤੈਅ ਕੀਤੀ ਗਈ। ਜਿਸ ਤੋਂ ਬਾਅਦ ਧਰਨਾ ਚੁੱਕਿਆ ਗਿਆ, ਪ੍ਰੰਤੂ ਧਰਨਾ ਚੁੱਕਣ ਉਪਰੰਤ ਹੀ ਇੰਨ੍ਹਾਂ ਧਰਨਾਕਾਰੀ ਅਧਿਆਪਕਾਂ ਵਿਰੁੱਧ ਵਿਭਾਗੀ ਕਾਰਵਾਈ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ: ਸਿੱਖਿਆ ਮੰਤਰੀ ਦੀ ਰਿਹਾਇਸ਼ ਤੋਂ ਧਰਨਾ ਚੁੱਕਦਿਆਂ ਹੀ ETT ਅਧਿਆਪਕਾਂ ਨੇ ਕੀਤਾ ਵੱਡਾ ਐਲਾਨ