ਬਰਨਾਲਾ: ਬਰਨਾਲਾ ਜ਼ਿਲ੍ਹੇ ਦੇ ਪਿੰਡ ਚੀਮਾ ਵਿਖੇ ਕਿਸਾਨ ਭਰਾਵਾਂ ਦੀ ਜ਼ਮੀਨ ਵਿੱਚੋਂ ਨਹਿਰੀ ਖਾਲ ਲਈ ਵਾਰੰਟ ਕਬਜ਼ਾ ਲੈਣ ਆਏ ਅਧਿਕਾਰੀਆਂ ਦਾ ਕਿਸਾਨ ਜੱਥੇਬੰਦੀਆਂ ਵਲੋਂ ਵਿਰੋਧ ਕੀਤਾ ਗਿਆ, ਜਿਸ ਕਰਕੇ ਵਾਰੰਟ ਕਬਜ਼ਾ ਮੁਲਤਵੀ ਕਰਨਾ ਪਿਆ।
ਇਹ ਹੈ ਮਾਮਲਾ: ਜਾਣਕਾਰੀ ਅਨੁਸਾਰ ਪਿੰਡ ਦੇ ਸੁਖਵੰਤ ਸਿੰਘ ਵਲੋਂ 2008 ਵਿੱਚ ਨਹਿਰੀ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਦਰਖ਼ਾਸਤ ਦਿੱਤੀ ਗਈ ਸੀ ਕਿ ਕਿਸਾਨ ਗੁਰਚਰਨ ਸਿੰਘ ਤੇ ਮਲਕੀਤ ਸਿੰਘ ਪੁੱਤਰ ਪਿਆਰਾ ਸਿੰਘ ਵਲੋਂ ਉਹਨਾਂ ਦੇ ਖੇਤ ਨੂੰ ਆਉਂਦੇ ਨਹਿਰੀ ਖਾਲ ਉਪਰ ਕਬਜ਼ਾ ਕੀਤਾ ਹੋਇਆ ਹੈ। ਜਿਸਤੋਂ ਬਾਅਦ ਐਕਸੀਅਨ ਨਹਿਰੀ ਵਿਭਾਗ ਲੁਧਿਆਣਾ ਵਲੋਂ ਇਹ ਫ਼ੈਸਲਾ ਸੁਖਵੰਤ ਸਿੰਘ ਦੇ ਹੱਕ ਵਿੱਚ ਕਰ ਦਿੱਤਾ ਗਿਆ। ਜਿਸਤੋਂ ਬਾਅਦ ਅੱਜ ਨਹਿਰੀ ਵਿਭਾਗ ਬਰਨਾਲਾ ਦੇ ਐਸਡੀਓ ਅੱਵਲਦੀਪ ਸਿੰਘ, ਜਿਲ੍ਹੇਦਾਰ ਦਵਿੰਦਰ ਸਿੰਘ, ਮਾਲ ਵਿਭਾਗ ਦੇ ਪਟਵਾਰੀ ਬੂਟਾ ਸਿੰਘ ਅਤੇ ਥਾਣਾ ਸਦਰ ਦੀ ਪੁਲੀਸ ਪਾਰਟੀ ਨਹਿਰੀ ਖਾਲ ਦਾ ਵਾਰੰਟ ਕਬਜ਼ਾ ਉਕਤ ਕਿਸਾਨਾਂ ਦੀ ਜ਼ਮੀਨ ਵਿੱਚੋਂ ਲੈਣ ਆਈ ਸੀ। ਪਰ ਕਿਸਾਨ ਯੂਨੀਅਨ ਦੇ ਵਿਰੋਧ ਕਰਕੇ ਇਹ ਕਬਜ਼ਾ ਮੁਲਤਵੀ ਕਰਨਾ ਪਿਆ।
ਕਿਸਾਨ ਆਗੂਆਂ ਨੇ ਕੀਤਾ ਧੱਕੇਸ਼ਾਹੀ ਬਰਦਾਸ਼ਤ ਨਹੀ: ਇਸ ਮੌਕੇ ਵਿਰੋਧ ਕਰੇ ਰਹੇ ਬੀਕੇਯੂ ਉਗਰਾਹਾਂ ਦੇ ਆਗੂ ਕਿਸਾਨ ਆਗੂਆਂ ਦਰਸ਼ਨ ਸਿੰਘ, ਸੰਦੀਪ ਸਿੰਘ, ਜੱਗੀ ਢਿੱਲੋਂ, ਬੀਕੇਯੂ ਡਕੌਂਦਾ ਦੇ ਗੁਰਮੀਤ ਸਿੰਘ ਨੰਬਰਦਾਰ ਅਤੇ ਜਗਤਾਰ ਸਿੰਘ ਥਿੰਦ ਨੇ ਕਿਹਾ ਕਿ ਜਿਸ ਜਗ੍ਹਾ ਤੋਂ ਇਹ ਨਹਿਰੀ ਖਾਲ ਲੰਘਦਾ ਸੀ, ਉਹ ਜ਼ਮੀਨ ਸੜਕ ਵਿੱਚ ਆ ਗਈ ਹੈ। ਇਹਨਾਂ ਕਿਸਾਨਾਂ ਵਲੋਂ ਕੋਈ ਨਹਿਰੀ ਖਾਲ ਦੀ ਜ਼ਮੀਨ ਨਹੀਂ ਰੋਕੀ ਗਈ। ਜਿਸ ਕਰਕੇ ਕਿਸਾਨ ਭਰਾਵਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਉਹ ਨਹੀਂ ਬਰਦਾਸ਼ਤ ਕਰਨਗੇ ਅਤੇ ਇਹਨਾਂ ਦੀ ਜ਼ਮੀਨ ਉਪਰ ਕੋਈ ਵਾਰੰਟ ਕਬਜ਼ਾ ਨਹੀਂ ਹੋਣ ਦੇਣਗੇ। ਕਿਸਾਨਾਂ ਦੇ ਭਾਰੀ ਵਿਰੋਧ ਤੋਂ ਬਾਅਦ ਵਾਰੰਟ ਕਬਜ਼ਾ ਲੈਣ ਆਏ ਅਧਿਕਾਰੀਆਂ ਨੂੰ ਵਾਪਸ ਮੁੜਨਾ ਪਿਆ। ਉਥੇ ਵਾਰੰਟ ਕਬਜ਼ਾ ਲੈਣ ਆਏ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਉਚ ਅਧਿਕਾਰੀਆਂ ਦੇ ਹੁਕਮਾਂ ਤਹਿਤ ਵਾਰੰਟ ਕਬਜ਼ਾ ਲੈਣ ਲਈ ਆਏ ਸਨ ਅਤੇ ਹੁਣ ਅਗਲੀ ਤਾਰੀਖ਼ ਤੈਅ ਹੋਣ ਤੋਂ ਬਾਅਦ ਮੁੜ ਕਬਜ਼ੇ ਲਈ ਆਉਣਗੇ।