ਬਰਨਾਲਾ: ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਦਾ ਕਿਸਾਨ ਲਗਾਤਾਰ ਸੰਘਰਸ਼ ਦੇ ਪਿੜ 'ਚ ਹੈ। ਬਰਨਾਲਾ ਵਿੱਚ 30 ਕਿਸਾਨ ਜਥੇਬੰਦੀਆਂ ਦਾ ਰੇਲ ਰੋਕੋ ਅੰਦੋਨਲ 15ਵੇਂ ਦਿਨ ਵਿੱਚ ਦਾਖ਼ਲ ਹੋ ਚੁੱਕਿਆ ਹੈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ ਸ਼ਮੂਲੀਅਤ ਕਰ ਰਹੇ ਹਨ। ਬਰਨਾਲਾ ਰੇਲਵੇ ਸਟੇਸ਼ਨ 'ਤੇ ਜਾਰੀ ਧਰਨੇ ਦੀ ਖਾਸ ਗੱਲ ਇਹ ਹੈ ਕਿ ਇੱਥੇ ਬੀਬੀਆਂ ਵੀ ਉਸੇ ਹੀ ਗਿਣਤੀ ਵਿੱਚ ਸ਼ਾਮਲ ਹਨ ਜਿਸ ਗਿਣਤੀ ਵਿੱਚ ਕਿਸਾਨ ਭਾਈ ਇਸ ਧਰਨੇ ਵਿੱਚ ਹਾਜ਼ਰ ਹਨ। ਕਿਸਾਨ ਆਪਣੇ ਪਰਿਵਾਰਾਂ ਸਮੇਤ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਦੀ ਸਰਕਾਰ ਵਿਰੁੱਧ ਲੜਾਈ ਲੜਣ ਦਾ ਮੰਨ ਬਣਾ ਚੁੱਕੇ ਹਨ।
ਇਸ ਮੌਕੇ ਗੱਲਬਾਤ ਕਰਦਿਆਂ ਧਰਨਾਕਾਰੀ ਬੀਬੀ ਮਨਪ੍ਰੀਤ ਕੌਤ ਨੇ ਕਿਹਾ ਕਿ ਉਹ ਆਪਣੇ ਘਰਾਂ ਦੇ ਚੁੱਲਿਆਂ ਦੀ ਸੰਭਾਲ ਦੇ ਨਾਲ ਨਾਲ ਸੰਘਰਸ਼ ਦੇ ਮੈਦਾਨ ਵਿੱਚ ਆ ਰਹੀਆਂ ਹਨ। ਇਹ ਕਾਨੂੰਨ ਸਾਡੀ ਹੋਂਦ ਨਾਲ ਜੁੜੇ ਹੋਏ ਹਨ। ਜਿਸ ਕਰਕੇ ਜਿਨ੍ਹਾਂ ਸਮਾਂ ਇਹ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਉਹ ਆਪਣੇ ਸੰਘਰਸ਼ ਤੋਂ ਪਿੱਛੇ ਹਟਣ ਵਾਲੇ ਨਹੀਂ ਹਨ।
ਕਿਸਾਨ ਬੀਬੀ ਪ੍ਰੇਮਪਾਲ ਕੌਰ ਨੇ ਕਿਹਾ ਕਿ ਸਰਕਾਰ ਨੂੰ ਹੁਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਦੇ ਕਿਸਾਨ ਪਿਛਲੇ 15 ਦਿਨਾਂ ਤੋਂ ਆਪਣੀਆਂ ਰਾਤਾਂ ਰੇਲਵੇ ਲਾਈਨਾਂ ’ਤੇ ਸੌਂ ਕੇ ਕੱਟ ਰਹੇ ਹਨ। ਇਸ ਕਰਕੇ ਇਹ ਖੇਤੀ ਕਾਨੂੰਨ ਸਰਕਾਰ ਨੂੰ ਰੱਦ ਕਰਨੇ ਚਾਹੀਦੇ ਹਨ। ਜੇਕਰ ਫ਼ਿਰ ਵੀ ਸਰਕਾਰ ਆਪਣੇ ਫ਼ੈਸਲੇ ਤੋਂ ਪਿੱਛੇ ਨਹੀਂ ਹਟਦੀ ਤਾਂ ਸੰਘਰਸ਼ ਹੋਰ ਤਿੱਖਾ ਹੋਵੇਗਾ।
ਇਸ ਮੌਕੇ ਗੱਲ ਕਰਦੇ ਹੋਏ ਕਿਸਾਨ ਆਗੂ ਜਗਸੀਰ ਸਿੰਘ ਛੀਨੀਵਾਲ ਨੇ ਕਿਹਾ ਕਿ ਇਸ ਸੰਘਰਸ਼ ਵਿੱਚ ਕਿਸਾਨ ਆਪਣੀ ਜਾਨ ਤੱਕ ਦੀ ਕੁਰਬਾਨੀ ਕਰ ਰਹੇ ਹਨ। ਇਸ ਦੇ ਉਲਟ ਕੇਂਦਰ ਦੀ ਸਰਕਾਰ ਕਿਸਾਨਾਂ ਨੂੰ ਬੇਇੱਜ਼ਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਸਰਕਾਰ ਦੇ ਖ਼ਿਲਾਫ਼ ਆਪਣੇ ਪਰਿਵਾਰਾਂ ਸਮੇਤ ਆਰ-ਆਪ ਦੀ ਲੜ੍ਹਾਈ ਲੜਣ ਦਾ ਜਾ ਰਹੇ ਹਨ।