ਬਰਨਾਲਾ: ਧੰਨ-ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਵਨ ਆਗਮਨ ਪੁਰਬ ਨੂੰ ਸਮਰਪਿਤ ਬਰਨਾਲਾ ਦੇ ਗੁਰਦੁਆਰਾ ਸ੍ਰੀ ਸਿੰਘ ਸਭਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕੱਢਿਆ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਸਿੰਘ ਸਭਾ ਸਾਹਿਬ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਅਲੱਗ ਅਲੱਗ ਬਾਜ਼ਾਰਾਂ, ਗਲੀ, ਮੁਹੱਲਿਆਂ ਤੇ ਵਾਰਡਾਂ ਵਿੱਚ ਦੀ ਹੁੰਦੇ ਹੋਏ ਗੁਰਦੁਆਰਾ ਸਾਹਿਬ ਆ ਕੇ ਸੰਪੰਨ ਹੋਇਆ।
ਨਗਰ ਕੀਰਤਨ ਦਾ ਭਰਵਾਂ ਸਵਾਗਤ: ਇਸ ਵਿਸ਼ਾਲ ਨਗਰ ਕੀਰਤਨ ਦੀ ਵਿਸ਼ਾਲ ਝਾਂਕੀ ਮਨਮੋਹਕ ਨਜ਼ਰ ਆ ਰਹੀ ਸੀ ਅਤੇ ਸਮੁੱਚੇ ਬਰਨਾਲਾ ਵਾਸੀ ਨਤਮਸਤਕ ਹੋਏ। ਇਸ ਮਹਾਨ ਕੀਰਤਨ ਦਾ ਆਨੰਦ ਮਾਣਦੇ ਹੋਏ ਵੱਖ-ਵੱਖ ਥਾਵਾਂ 'ਤੇ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਲੰਗਰ ਪ੍ਰਸ਼ਾਦ ਵੀ ਵਰਤਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਾਨਦਾਰ ਪਾਲਕੀ ਸਜਾਈ ਗਈ। ਇਸ ਦੌਰਾਨ ਰਾਗੀ ਸਿੰਘਾਂ ਨੇ ਗੁਰਬਾਣੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਉਥੇ ਨਾਲ ਹੀ ਢਾਡੀ ਅਤੇ ਕਵੀਸ਼ਰੀ ਜੱਥਿਆਂ ਨੇ ਸੰਗਤਾਂ ਨੂੰ ਇਤਿਹਾਸਕ ਪ੍ਰਸੰਗ ਸੁਣਾਏ। ਉਥੇ ਨਾਲ ਹੀ ਗੱਤਕਾ ਪਾਰਟੀ ਵਲੋਂ ਗੱਤਕੇ ਦੇ ਸ਼ਾਨਦਾਰ ਜ਼ੌਹਰ ਦਿਖਾਏ।
ਹਰ ਸਾਲ ਦੀ ਤਰ੍ਹਾਂ ਸਜਾਇਆ ਨਗਰ ਕੀਰਤਨ: ਇਸ ਮੌਕੇ ਗੁਰਦੁਆਰਾ ਸ੍ਰੀ ਸਿੰਘ ਸਭਾ ਸਾਹਿਬ ਦੇ ਪ੍ਰਧਾਨ ਹਰਦੇਵ ਸਿੰਘ ਬਾਜਵਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਧੂਮਧਾਮ ਨਾਲ ਦਸਮੇਸ਼ ਪਿਤਾ ਦਾ ਪ੍ਰਕਾਸ਼ ਪੁਰਬ ਮਨਾਇਆ ਹੈ। ਜਿਸ ਤਹਿਤ ਸ੍ਰੀ ਆਖੰਡ ਪਾਠ ਦੇ ਭੋਗ ਪਾਏ ਗਏ ਹਨ। ਉਥੇ ਅੱਜ ਨਗਰ ਕੀਰਤਨ ਸਜਾਏ ਗਏ ਹਨ। ਨਗਰ ਕੀਰਤਨ ਦੌਰਾਨ ਸਾਰੇ ਸ਼ਹਿਰ ਦੀਆਂ ਸੰਗਤਾਂ ਵਲੋਂ ਸਵਾਗਤ ਕਰਦੇ ਹੋਏ ਨਗਰ ਕੀਰਤਨ ਵਿੱਚ ਹਾਜ਼ਰੀ ਲਗਾਈ ਹੈ। ਉਹਨਾਂ ਸਮੂਹ ਸ਼ਹਿਰ ਨਿਵਾਸੀਆਂ ਦਾ ਨਗਰ ਕੀਰਤਨ ਵਿੱਚ ਸਾਥ ਦੇਣ ਲਈ ਧੰਨਵਾਦ ਕੀਤਾ।
ਹਰ ਕਿਸੇ ਨੂੰ ਧੂਮ ਧਾਮ ਨਾਲ ਮਨਾਉਣਾ ਚਾਹੀਦਾ: ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਪਰਮਜੀਤ ਸਿੰਘ ਖਾਲਸਾ ਨੇ ਸਮੂਹ ਨਗਰ ਨਿਵਾਸੀਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਸਭ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਉਣਾ ਚਾਹੀਦਾ ਹੈ, ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ, ਕੌਮ ਅਤੇ ਦੇਸ਼ ਨੂੰ ਆਜ਼ਾਦ ਕਰਵਾਇਆ। ਜਿਸ ਲਈ ਆਪਣਾ ਸਾਰਾ ਪਰਿਵਾਰ ਕੁਰਬਾਨ ਕਰ ਦਿੱਤਾ।