ਬਰਨਾਲਾ: ਕੌਮੀ ਜਾਂਚ ਏਜੰਸੀ ਐਨਆਈਏ ਨੇ ਜ਼ਿਲ੍ਹੇ ਦੇ ਪਿੰਡ ਮੌੜ ਨਾਭਾ ਦੇ ਜਗਸੀਰ ਸਿੰਘ ਨੂੰ ਨੋਟਿਸ ਜਾਰੀ ਕੀਤਾ ਹੈ। ਜਗਸੀਰ ਸਿੰਘ ਇੱਕ ਸਿੱਖ ਸੇਵਾ ਸੁਸਾਇਟੀ ਪੰਜਾਬ ਦੇ ਸੰਚਾਲਕ ਹਨ।
ਨੋਟਿਸ ਮਿਲਣ ’ਤੇ ਪ੍ਰਤੀਕਰਮ ਦਿੰਦਿਆਂ ਜਗਸੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਐਨਆਈਏ ਦਿੱਲੀ ਵੱਲੋਂ ਫ਼ੋਨ ਕਾਲ ਕਰਕੇ ਨੋਟਿਸ ਬਾਰੇ ਸੂਚਿਤ ਕੀਤਾ। ਇਸਤੋਂ ਬਾਅਦ ਵਟਸਐਪ ਰਾਹੀਂ ਇਹ ਨੋਟਿਸ ਭੇਜਿਆ ਗਿਆ। ਇਸ ਨੋਟਿਸ ਵਿੱਚ ਉਸ ਨੂੰ 17 ਜਨਵਰੀ ਨੂੰ ਐਨਆਈਏ ਦੇ ਨਵੀਂ ਦਿੱਲੀ ਵਿਖੇ ਦਫ਼ਤਰ ਵਿੱਚ ਹਾਜ਼ਰ ਹੋਣ ਲਈ ਕਿਹਾ ਗਿਆ।
ਜਗਸੀਰ ਸਿੰਘ ਨੇ ਦੱਸਿਆ ਕਿ ਸਾਡੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਸਾਨੂੰ ਜਦੋਂ ਆਦੇਸ਼ ਹੋਵੇਗਾ, ਉਹ ਉਸ ਅਨੁਸਾਰ ਹੀ ਚੱਲਣਗੇ। ਪੰਜਾਬ ਵਿੱਚ ਹੋਰ ਵੀ ਬਹੁਤ ਲੋਕਾਂ ਨੂੰ ਇਹ ਨੋਟਿਸ ਐਨਆਈਏ ਵੱਲੋਂ ਭੇਜੇ ਗਏ ਹਨ, ਪ੍ਰੰਤੂ ਅਸੀਂ ਅਮਨ-ਕਾਨੂੰਨ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰ ਰਹੇ ਹਾਂ।
ਉਨ੍ਹਾਂ ਕਿਹਾ ਕਿ ਦਿੱਲੀ ਕਿਸਾਨ ਮੋਰਚੇ ਦੇ ਲਈ ਉਨ੍ਹਾਂ ਦੀ ਸੁਸਾਇਟੀ ਵੱਲੋਂ ਲੋੜੀਂਦਾ ਸਮਾਨ ਭੇਜਿਆ ਗਿਆ ਸੀ। ਕੇਂਦਰ ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਖ਼ਤਮ ਕਰਵਾਉਣ ਲਈ ਕਿਸਾਨੀ ਸੰਘਰਸ਼ ਦੀ ਮਦਦ ਕਰਨ ਵਾਲਿਆਂ ਨੂੰ ਨੋਟਿਸ ਭੇਜ ਕੇ ਪ੍ਰੇਸ਼ਾਨ ਕਰਨ ਲੱਗੀ ਹੈ। ਪਰ ਉਹ ਅਜਿਹੇ ਨੋਟਿਸਾਂ ਤੋਂ ਡਰਨ ਵਾਲੇ ਨਹੀਂ ਹਨ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।