ਬਰਨਾਲਾ: ਆਮ ਆਦਮੀ ਪਾਰਟੀ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਇੱਕੀ ਮਾਰਚ ਨੂੰ ਮੋਗਾ ਜ਼ਿਲ੍ਹੇ ਦੇ ਬਾਘਾ ਪੁਰਾਣਾ ਵਿਖੇ ਕਿਸਾਨ ਮਹਾਂ ਸੰਮੇਲਨ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਆਪ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਬਰਨਾਲਾ ਜ਼ਿਲ੍ਹੇ ਦੇ ਹਲਕਾ ਬਨੂੜ ਵਿਚਲੇ ਪਿੰਡਾਂ ਵਿੱਚ ਪਹੁੰਚੇ।
ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਬਾਘਾਪੁਰਾਣਾ ਵਿਖੇ ਕੀਤੇ ਜਾਣ ਵਾਲੇ ਕਿਸਾਨ ਮਹਾਂ ਸੰਮੇਲਨ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹੁੰਚ ਰਹੇ ਹਨ। ਇਸ ਕਿਸਾਨ ਅੰਦੋਲਨ ਨੂੰ ਲੈ ਕੇ ਲਗਾਤਾਰ ਦੇਸ਼ ਭਰ ਵਿਚ ਮਹਾਂ ਰੈਲੀਆਂ ਮਹਾਂ ਪੰਚਾਇਤਾਂ ਹੋ ਰਹੀਆਂ ਹਨ। ਇਸ ਸੰਘਰਸ਼ ਨੂੰ ਮਜ਼ਬੂਤ ਕਰਨ ਲਈ ਆਪ ਪਾਰਟੀ ਵੱਲੋਂ ਕਿਸਾਨ ਮਹਾਂ ਸੰਮੇਲਨ ਕੀਤਾ ਜਾ ਰਿਹਾ ਹੈ। ਇਹ ਸੰਘਰਸ਼ ਲਗਾਤਾਰ ਦੇਸ਼ ਭਰ ਵਿੱਚ ਫੈਲ ਰਿਹਾ ਹੈ।
ਬਾਘਾਪੁਰਾਣਾ ਵਿਖੇ ਹੋਣ ਵਾਲੇ ਕਿਸਾਨ ਮਹਾਂ ਸੰਮੇਲਨ ਨਾਲ ਕਿਸਾਨਾਂ ਦੀ ਗੱਲ ਕੇਂਦਰ ਸਰਕਾਰ ਤੱਕ ਜ਼ਰੂਰ ਪਹੁੰਚੇਗੀ। ਇਸ ਕਿਸਾਨ ਮਹਾਂ ਸੰਮੇਲਨ ਵਿੱਚ ਸਿਰਫ ਕਿਸਾਨਾਂ ਅਤੇ ਖੇਤੀ ਕਾਨੂੰਨਾਂ ਦੀ ਗੱਲ ਕੀਤੀ ਜਾਵੇਗੀ ਨਾ ਕਿ ਕੋਈ ਰਾਜਨੀਤਕ ਗੱਲ ਕੀਤੀ ਜਾਵੇਗੀ। ਆਮ ਆਦਮੀ ਪਾਰਟੀ ਵੱਲੋਂ ਪਹਿਲੇ ਹੀ ਦਿਨ ਤੋਂ ਇਨ੍ਹਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਕਿਸਾਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ। ਇਹ ਸਿਰਫ਼ ਇਕੱਲੇ ਕਿਸਾਨਾਂ ਦਾ ਅੰਦੋਲਨ ਨਹੀਂ ਰਿਹਾ ਬਲਕਿ ਜਨ ਅੰਦੋਲਨ ਬਣ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਨਾਲ ਨਾਲ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਵੀ ਕਿਸਾਨ ਅੰਦੋਲਨ ਜਾਰੀ ਰਹਿਣਾ ਚਾਹੀਦਾ ਹੈ ਤਾਂ ਕਿ ਕੇਂਦਰ ਸਰਕਾਰ 'ਤੇ ਦਬਾਅ ਬਣਾਇਆ ਜਾ ਸਕੇ।
ਇਹ ਵੀ ਪੜੋ: 30 ਮਾਰਚ ਨੂੰ ਪੇਸ਼ ਕੀਤਾ ਜਾਵੇਗਾ ਸ਼੍ਰੋਮਣੀ ਕਮੇਟੀ ਦਾ ਬਜਟ: ਬੀਬੀ ਜਗੀਰ ਕੌਰ
ਭਗਵੰਤ ਮਾਨ ਨੇ ਦੇਸ਼ ਭਰ ਵਿੱਚ ਵਧ ਰਹੀ ਮਹਿੰਗਾਈ ਨੂੰ ਲੈ ਕੇ ਸਰਕਾਰ ਤੇ ਤੰਜ ਕੱਸਦਿਆਂ ਕਿਹਾ ਕਿ ਮੋਦੀ ਸਰਕਾਰ ਦੇਸ਼ ਵਿਚ ਮਹਿੰਗਾਈ ਘੱਟ ਕਰਨ ਨੂੰ ਲੈ ਕੇ ਸੱਤਾ ਵਿੱਚ ਆਈ ਸੀ। ਪਰ ਇਸ ਸਰਕਾਰ ਦੇ ਰਾਜ ਵਿੱਚ ਲਗਾਤਾਰ ਪੈਟਰੋਲ ਡੀਜ਼ਲ ਰਸੋਈ ਗੈਸ ਦੀਆਂ ਕੀਮਤਾਂ ਵਧਣ ਨਾਲ ਮਹਿੰਗਾਈ ਵਧ ਰਹੀ ਹੈ।
ਇਹ ਵੀ ਪੜੋ: 10 ਗ੍ਰਾਮ ਹੈਰੋਇਨ ਸਣੇ ਕੀਤਾ ਇੱਕ ਕਾਬੂ
ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਸਰਕਾਰ ਤੋਂ ਫ਼ਸਲਾਂ ਦੇ ਐੱਮਐੱਸਪੀ ਦੀ ਮੰਗ ਕਰਨ ਦੇ ਮੁੱਦੇ ਤੇ ਗੱਲ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਨਵਜੋਤ ਸਿੱਧੂ ਕਿੱਥੇ ਸਨ? ਚਾਰ ਸਾਲਾਂ ਤੋਂ ਨਵਜੋਤ ਸਿੱਧੂ ਕਿਉਂ ਨਹੀਂ ਬੋਲੇ? ਉਸ ਤੋਂ ਪਹਿਲਾਂ 10 ਸਾਲ ਅਕਾਲੀ ਭਾਜਪਾ ਸਰਕਾਰ ਵਿਚ ਰਹਿੰਦਿਆਂ ਉਨ੍ਹਾਂ ਦੀਆਂ ਕਮੀਆਂ ਕੱਢਦੇ ਰਹੇ। ਅਜੇ ਵੀ ਨਵਜੋਤ ਸਿੱਧੂ ਕੋਲ ਇਕ ਸਾਲ ਪਿਆ ਹੈ। ਸਰਕਾਰ ਉਨ੍ਹਾਂ ਨੂੰ ਬਿਜਲੀ ਮੰਤਰੀ ਬਣਾ ਰਹੀ ਹੈ। ਬਿਜਲੀ ਮੰਤਰੀ ਬਣ ਕੇ ਪੰਜਾਬ ਵਿੱਚ ਬਿਜਲੀ ਦੇ ਰੇਟਾਂ ਨੂੰ ਘੱਟ ਕਰਨ। ਇਕੱਲੇ ਪ੍ਰੈੱਸ ਕਾਨਫ਼ਰੰਸ ਨਾਲ ਕੁਝ ਨਹੀਂ ਹੋਣਾ ਬਲਕਿ ਨਵਜੋਤ ਸਿੱਧੂ ਕੁਝ ਕਰਕੇ ਦਿਖਾਉਣ।