ਬਰਨਾਲਾ: ਸਬ ਡਵੀਜਨ ਸ਼ਹਿਣਾ ਅਧੀਨ ਆਉਂਦੇ 66 ਕੇ.ਵੀ ਗਰਿੱਡ ਪੱਖੋਕੇ ਤੋਂ ਖੇਤੀ ਸੈਕਟਰ ਲਈ ਬਿਜਲੀ ਸਪਲਾਈ ਪੂਰੀ ਨਾ ਦੇਣ ਦੇ ਰੋਸ ਵਜੋਂ ਪਿੰਡ ਚੀਮਾ, ਕੈਰੇ, ਚੂੰਘਾ, ਜਗਜੀਤਪੁਰਾ, ਬਖਤਗੜ੍ਹ ਆਦਿ ਪਿੰਡਾਂ ਦੇ ਕਿਸਾਨਾਂ ਵਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਦੀ ਅਗਵਾਈ 'ਚ ਨੈਸ਼ਨਲ ਹਾਈਵੇਅ ਜਾਮ ਕਰ ਕੇ ਪੰਜਾਬ ਸਰਕਾਰ ਅਤੇ ਪਾਵਰਕਾਮ ਖਿਲਾਫ਼ ਨਾਅਰੇਬਾਜੀ ਕੀਤੀ ਗਈ।
ਇਸ ਮੌਕੇ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਸੰਦੀਪ ਸਿੰਘ ਚੀਮਾ, ਜਗਤਾਰ ਸਿੰਘ ਥਿੰਦ ਅਤੇ ਮਾ. ਰਣਜੀਤ ਸਿੰਘ ਟੱਲੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਿਜਲੀ ਸਰਪਲੱਸ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਅਨੁਸਾਰ ਝੋਨੇ ਦੀ ਲਵਾਈ ਸੁਰੂ ਹੋਣ ਤੋਂ ਹੀ ਕਿਸਾਨਾਂ ਨੂੰ 8 ਘੰਟੇ ਬਿਜਲੀ ਵਿਚੋਂ ਸਿਰਫ ਚਾਰ ਜਾਂ ਪੰਜ ਘੰਟੇ ਬਿਜਲੀ ਦਿੱਤੀ ਜਾ ਰਹੀ ਹੈ। ਜਿਸ ਕਾਰਨ ਕਿਸਾਨਾਂ ਦੀ ਝੋਨੇ ਦੀ ਫਸਲ 'ਚ ਪਾਣੀ ਪੂਰਾ ਨਾ ਹੋਣ ਕਾਰਨ ਝੁਲਸ ਰਹੀ ਹੈ।
ਬੁਲਾਰਿਆਂ ਨੇ ਕਿਹਾ ਕਿ ਪਿੰਡ ਪੱਖੋਕੇ ਦੇ ਗਰਿੱਡ ਅਧੀਨ ਆਉਂਦੇ ਸਮੁੱਚੇ ਫੀਡਰਾਂ 'ਤੇ ਖੇਤੀ ਸੈਕਟਰ ਬਿਜਲੀ ਦਾ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਕਿਸਾਨ ਠੇਕੇ 'ਤੇ ਲਈਆਂ ਜ਼ਮੀਨਾਂ 'ਤੇ ਮਹਿੰਗੇ ਭਾਅ ਦਾ ਡੀਜਲ ਫੂਕਣ ਲਈ ਮਜ਼ਬੂਰ ਹਨ। ਉਕਤ ਆਗੂਆਂ ਨੇ ਕਿਹਾ ਕਿ ਉਨ੍ਹਾਂ ਵਲੋਂ ਨੈਸ਼ਨਲ ਹਾਈਵੇਅ ਜਾਮ ਕੀਤਾ ਗਿਆ ਹੈ, ਪਰ ਕਿਸੇ ਵੀ ਅਧਿਕਾਰੀ ਨੇ ਆ ਕੇ ਕਿਸਾਨਾਂ ਦੀ ਸਮੱਸਿਆਂ ਦਾ ਹੱਲ ਨਹੀ ਕੀਤਾ। ਜਿਸ ਲਈ ਇਹ ਸੰਘਰਸ਼ ਹੋਰ ਤਿੱਖਾਂ ਕੀਤਾ ਜਾਵੇਗਾ।
ਇਸ ਸਬੰਧੀ ਜਦੋਂ ਐਸ.ਡੀ.ਓ ਬਲਜੀਤ ਸਿੰਘ ਢਿੱਲੋਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਿਜਲੀ ਸੰਕਟ ਪੂਰੇ ਪੰਜਾਬ ਵਿਚ ਹੈ। ਜਿਸ ਕਾਰਨ ਦਿਹਾਤੀ ਸੈਕਟਰਾਂ ਦੇ ਨਾਲ-ਨਾਲ ਖੇਤੀ ਸੈਕਟਰ 'ਤੇ ਵੀ ਪਾਵਰ ਕੱਟ ਲੱਗ ਰਹੇ। ਉਨ੍ਹਾਂ ਕਿਹਾ ਕਿ ਦਿਹਾਤੀ 'ਤੇ ਵੱਧ ਕੱਟ ਲਗਾ ਕੇ ਕਿਸਾਨਾਂ ਨੂੰ ਪਾਵਰਕਾਮ ਵਲੋਂ ਬਿਜਲੀ ਸਪਲਾਈ ਦੀ ਪੂਰਤੀ ਕਰਨ ਦੇ ਯਤਨ ਜਾਰੀ ਹਨ। ਉਨ੍ਹਾਂ ਕਿਹਾ ਕਿ ਤਲਬੰਡੀ ਸਾਬੋ ਦੇ ਥਰਮਲ ਪਲਾਂਟ ਦਾ ਇੱਕ ਯੂਨਿਟ ਬੰਦ ਹੋਣ ਨਾਲ ਇਹ ਸਮੱਸਿਆ ਹੋਰ ਵਧ ਗਈ ਹੈ। ਜਿਸ ਦੇ ਜਲਦ ਹੀ ਚੱਲਣ ਦੀ ਸੰਭਾਵਨਾ ਹੈ। ਉਸ ਨਾਲ ਇਹ ਸਮੱਸਿਆਂ ਵੀ ਹੱਲ ਹੋ ਜਾਵੇਗੀ।
ਇਹ ਵੀ ਪੜ੍ਹੋ:Assembly Elections 2022: ਸਾਡਾ ਚੋਣਾਂ ਲੜਨ ਦਾ ਕੋਈ ਵਿਚਾਰ ਨਹੀਂ: ਸਿਰਸਾ