ਬਰਨਾਲਾ: ਸਥਾਨਕ ਵੱਡਾ ਚੌਂਕ ਵਿਖੇ ਸਥਿਤ ਨਗਰ ਕੌਂਸਲ ਦੀ ਦੁਕਾਨ ਜਿੱਥੇ ਕਿ ਪਿਛਲੇ ਲਗਭਗ 30 ਸਾਲ ਤੋਂ ਰੇਹੜੀਆਂ ਵਾਲੇ ਗਰਮੀ-ਸਰਦੀ ਵਿੱਚ ਬੈਠਦੇ ਉੱਠਦੇ ਸਨ। ਪਿਛਲੇ ਦਿਨੀਂ ਨਗਰ ਕੌਂਸਲ ਨੇ ਇੱਕ ਦੁਕਾਨ ਨੂੰ ਜ਼ਿੰਦਾ ਲਗ ਕੇ ਉਸ ਦੀ ਬੋਲੀ ਕਰਵਾ ਦਿੱਤੀ ਸੀ ਜਿਸ ਤੋਂ ਬਾਅਦ ਇਹ ਮਸਲਾ ਭਖ਼ ਗਿਆ। ਮਸਲਾ ਇੰਨਾ ਜ਼ਿਆਦਾ ਭਖ਼ ਗਿਆ ਹੈ ਕਿ ਨਗਰ ਕੌਂਸਲ ਕਾਰਜ ਸਾਧਕ ਅਫ਼ਸਰ ਅਤੇ ਕਿਸਾਨ-ਮਜ਼ਦੂਰ ਆਗੂਆਂ ਵਿਚਕਾਰ ਕਾਫ਼ੀ ਬਹਿਸਬਾਜ਼ੀ ਹੋਈ। ਇਸ ਉਪਰੰਤ ਕਿਸਾਨ ਜੱਥੇਬੰਦੀਆਂ, ਮਜ਼ਦੂਰ ਜੱਥੇਬੰਦੀਆਂ, ਹਲਕਾ ਵਿਧਾਇਕ ਅਤੇ ਸਾਬਕਾ ਕੌਂਸਲਰਾਂ ਦੀ ਅਗਵਾਈ ਹੇਠ ਨਗਰ ਕੌਂਸਲ ਅੱਗੇ ਧਰਨਾ ਦਿੱਤਾ ਗਿਆ।
ਵਿਧਾਇਕ ਪਿਰਮਲ ਸਿੰਘ ਧੌਲਾ ਨੇ ਕਿਹਾ ਕਿ ਇਹ ਮਜ਼ਦੂਰ ਰੇਹੜੀ ਵਾਲਿਆਂ ਨਾਲ ਸਰਾਸਰ ਧੱਕਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਆਪਣੀ ਕਰੋੜਾਂ ਦੀ ਜਗ੍ਹਾਂ ਜਿਸ ਉਪਰ ਵੱਡੇ ਲੋਕਾਂ ਦੇ ਕਬਜ਼ੇ ਕੀਤੇ ਹੋਏ ਹਨ ਉਨ੍ਹਾਂ ਨੂੰ ਛੁਡਵਾਉਣ ਦੀ ਜਗ੍ਹਾਂ ਉੱਤੇ ਗਰੀਬਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਾਰਜ ਸਾਧਕ ਅਫ਼ਸਰ ਕਾਨੂੰਨਾਂ ਦਾ ਹਵਾਲਾ ਦੇ ਰਹੇ ਹਨ ਪ੍ਰੰਤੂ ਇਨਸਾਨੀਅਤ ਨਾਂਅ ਦੀ ਵੀ ਕੋਈ ਚੀਜ਼ ਹੁੰਦੀ ਹੈ। ਇਹ ਗਰੀਬ ਰੇਹੜੀ ਵਾਲਿਆਂ ਦੇ ਮੂੰਹ ਚੋਂ ਰੋਟੀ ਖਿੱਚਣ ਦੇ ਬਰਾਬਰ ਹੈ ਅਤੇ ਇਸ ਨੂੰ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਕੱਲ੍ਹ ਦੁਕਾਨ ਦਾ ਜਿੰਦਾ ਤੋੜਿਆ ਜਾਵੇਗਾ ਅਤੇ ਐਸ.ਡੀ.ਐਮ. ਤਪਾ ਨੂੰ ਇਸ ਸਬੰਧੀ ਮੰਗ ਪੱਤਰ ਦਿੱਤਾ ਜਾਵੇਗਾ।
ਕਾਰਜ ਸਾਧਕ ਅਫ਼ਸਰ ਭਦੌੜ ਗੁਰਚਰਨ ਸਿੰਘ ਨੇ ਕਿਹਾ ਕਿ ਇਹ ਦੁਕਾਨ ਨਗਰ ਕੌਂਸਲ ਭਦੌੜ ਦੀ ਹੈ ਅਤੇ ਇਸਦੀ ਕਾਨੂੰਨੀ ਕਾਰਵਾਈ ਰਾਹੀਂ ਬੋਲੀ ਕਾਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਕੁੱਝ ਸ਼ਰਾਰਤੀ ਅਨਸਰ ਰੇਹੜੀ ਵਾਲਿਆਂ ਨੂੰ ਗੁੰਮਰਾਹ ਕਰਕੇ ਇੱਥੇ ਲੈ ਆਏ ਹਨ, ਕਿਸੇ ਵੀ ਕੀਮਤ 'ਤੇ ਕੋਈ ਗਲਤ ਬਿਆਨਬਾਜ਼ੀ ਕਬੂਲ ਨਹੀਂ ਕੀਤੀ ਜਾਵੇਗੀ। ਆਗੂਆਂ ਵੱਲੋਂ ਜਿੰਦਾ ਭੰਨ੍ਹਣ ਸਬੰਧੀ ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।