ਬਰਨਾਲਾ: ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਹਰਿਆ-ਭਰਿਆ ਬਣਾਉਣ ਲਈ ਹਰਿਆਵਲ ਲਹਿਰ ਸ਼ੁਰੂ ਕੀਤੀ ਗਈ ਹੈ, ਜਿਸ ਮੁਹਿੰਮ ਤਹਿਤ ਅੱਜ ਪੂਰੇ ਜ਼ਿਲਾ ਬਰਨਾਲਾ ’ਚ 6 ਲੱਖ ਪੌਦੇ ਲਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਤਹਿਤ ਅੱਜ ਭਦੌੜ ਹਲਕੇ ’ਚ 2 ਲੱਖ ਪੌਦੇ ਲਾਉਣ ਦੀ ਮੁਹਿੰਮ ਦੀ ਰਸਮੀ ਸ਼ੁਰੂਆਤ ਸਰਕਾਰੀ ਹਾਈ ਸਕੂਲ ਉਗੋਕੇ ਤੋਂ ਕੀਤੀ ਗਈ, ਜਿਸ ਦਾ ਆਗਾਜ਼ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਰਵਾਇਤੀ ਪੌਦੇ ਲਗਾ ਕੇ ਕੀਤਾ।
ਇਸ ਮੌਕੇ ਉਨਾਂ ਵਿਦਿਆਰਥੀਆਂ ਦੇ ਪੌਦੇ ਲਾਉਣ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਇਹ ਜ਼ਰੂਰੀ ਹੈ ਕਿ ਪੌਦੇ ਲਾਉਣ ਦੇ ਨਾਲ ਨਾਲ ਪੌਦੇ ਸੰਭਾਲੇ ਜਾਣ। ਉਨਾਂ ਸਰਕਾਰੀ ਹਾਈ ਸਕੂਲ ਉਗੋਕੇ ਦੇ ਵਿਦਿਆਰਥੀਆਂ ਲਈ ਐਲਾਨ ਕੀਤਾ ਕਿ ਜਿਹੜੇ ਗਰੁੱਪ ਦੇ ਵਿਦਿਆਰਥੀ ਇਕ ਸਾਲ ਤੱਕ ਪੌਦੇ ਸੰਭਾਲ ਕੇ ਉਨਾਂ ਨੂੰ ਵੱਡਾ ਕਰਨਗੇ, ਉਨਾਂ ਨੂੰ 2100 ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ।
ਇਸ ਮੌਕੇ ਉਨਾਂ ਦੱਸਿਆ ਕਿ ਹਲਕੇ ’ਚ ਤਾਜੋਕੇ ਸਣੇ ਕਈ ਥਾਈਂ ਸਾਂਝੀਆਂ ਤੇ ਖਾਲੀ ਥਾਵਾਂ ਦੀ ਸ਼ਨਾਖਤ ਕੀਤੀ ਗਈ ਹੈ, ਜਿੱਥੇ ਮਿੰਨੀ ਜੰਗਲ ਵੀ ਲਾਏ ਜਾਣਗੇ।ਇਸ ਮੌਕੇ ਐਸਡੀਐਮ ਸ. ਗੋਪਾਲ ਸਿੰੰਘ ਨੇ ਆਖਿਆ ਕਿ ਜੇਕਰ ਜ਼ਿਲਾ ਬਰਨਾਲਾ ਦੀ ਗੱਲ ਕੀਤੀ ਜਾਵੇ ਤਾਂ ਕੁੱਲ ਭੂਗੋਲਿਕ ਖੇਤਰ ਦੇ ਸਿਰਫ 0.56 ਫੀਸਦੀ ਹਿੱਸੇ ’ਚ ਪੌਦੇ ਤੇ ਜੰਗਲ ਹਨ, ਜੋ ਬਹੁਤ ਘੱਟ ਹੈ।
ਉਨਾਂ ਕਿਹਾ ਕਿ ਧਰਤੀ ਹੇਠਲਾ ਪਾਣੀ ਵੀ ਜ਼ਿਲਾ ਬਰਨਾਲਾ ’ਚ ਕਾਫੀ ਹੇਠਾਂ ਹੈ ਤੇ ਮੀਂਹ ਘੱਟ ਪੈਂਦੇ ਹਨ, ਇਸ ਲਈ ਹਰ ਵਿਅਕਤੀ ਹਰਿਆਵਲ ਮੁਹਿੰਮ ’ਚ ਸਹਿਯੋਗ ਦਿੰਦੇ ਹੋਏ ਇਹ ਬੂਟੇ ਅਪਣਾ ਕੇ ਇਨਾਂ ਦੀ ਸੰਭਾਲ ਕਰੇ। ਉਨਾਂ ਦੱਸਿਆ ਕਿ ਇਸ ਵਾਰ ਸਕੂਲਾਂ ’ਚ ਫਲਦਾਰ ਪੌਦੇ ਵੀ ਲਾਏ ਗਏ ਹਨ ਤੇ ਬੱਚਿਆਂ ਨੂੰ ਦਿੱਤੇ ਗਏ ਹਨ ਤਾਂ ਜੋ ਉਹ ਆਪਣੀ ਪਸੰਦ ਦੇ ਬੂਟੇ ਲਾਉਣ ਅਤੇ ਸੰਭਾਲ ਕਰਨ।
ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ, ਨੌਵੀਂ ਜਮਾਤ ਦੀ ਜਸਵਿੰਦਰ ਕੌਰ ਵੱਲੋਂ ਭਾਸ਼ਣ, ਨੌਵੀਂ ਜਮਾਤ ਦੇ ਮਨਜੀਤ ਸਿੰਘ ਵੱਲੋਂ ਕਵਿਤਾ ਪੇਸ਼ ਕੀਤੀ ਗਈ ਅਤੇ ਸਕੂਲ ਪਿ੍ਰੰਸੀਪਲ ਰਾਜਵੰਤ ਕੌਰ ਵੱਲੋਂ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਮੁੱਖ ਮਹਿਮਾਨ ਲਾਭ ਸਿੰਘ ਉਗੋਕੇ, ਐਸਡੀਐਮ ਗੋਪਾਲ ਸਿੰਘ, ਵਿਧਾਇਕ ਦੇ ਮਾਤਾ ਬਲਦੇਵ ਕੌਰ ਤੋਂ ਇਲਾਵਾ ਸਰਪੰਚ ਪਰਗਟ ਸਿੰਘ ਦਾ ਪੌਦਿਆਂ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਮਾਲ ਅਫਸਰ ਗਗਨਦੀਪ ਸਿੰਘ, ਤਹਿਸੀਲਦਾਰ ਜਸਕਰਨ ਸਿੰਘ ਬਰਾੜ, ਜਗਤਾਰ ਸਿੰਘ ਬੀਡੀਪੀਓ, ਪਿ੍ਰੰਸੀਪਲ ਕੱਟੂ ਸਕੂਲ ਰਾਕੇਸ਼ ਕੁਮਾਰ ਤੇ ਹੋਰ ਪਤਵੰਤੇ ਹਾਜ਼ਰ ਸਨ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਧਮਕੀ, ਇੰਸਟਾਗ੍ਰਾਮ ’ਤੇ ਲਿਖਿਆ, ਅਗਲਾ ਟਾਰਗੇਟ ਬਾਪੂ