ਬਰਨਾਲਾ: ਜ਼ਿਲ੍ਹੇ ਦੇ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਵੱਲੋਂ ਨਗਰ ਕੌਂਸਲ ਭਦੌੜ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਟਾਫ ਦੀ ਹਾਜ਼ਰੀ ਚੈੱਕ ਕੀਤਾ। ਇਸ ਦੌਰਾਨ ਸਾਰਾ ਸਟਾਫ ਹਾਜ਼ਰ ਪਾਇਆ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਨਗਰ ਕੌਂਸਲ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲਿਆ। ਕੱਚੇ ਘਰਾਂ ਦੀਆਂ ਫਾਈਲਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਇਸ ਦੌਰਾਨ ਵਿਧਾਇਕ ਲਾਭ ਸਿੰਘ ਉਗੋਕੇ ਨੇ ਵਿਕਾਸ ਕਾਰਜਾਂ ’ਚ ਤੇਜ਼ੀ ਲਿਆਉਣ ਦੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਅਤੇ ਕੱਚੇ ਘਰਾਂ ਦੀਆਂ ਫਾਈਲਾਂ ਜੋ ਪੈਂਡਿੰਗ ਪਈਆਂ ਹਨ ਉਨ੍ਹਾਂ ਨੂੰ ਜਲਦੀ ਨੇਪਰੇ ਚਾੜ੍ਹਨ ਦੇ ਵੀ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਇਸ ਦੌਰਾਨ ਉਨ੍ਹਾਂ ਨੇ ਸਬ ਤਹਿਸੀਲ ਦੇ ਨੇੜਲੇ ਛੱਪੜ ਦਾ ਵੀ ਦੌਰਾ ਕੀਤਾ ਜੋ ਓਵਰਫਲੋਅ ਹੋਇਆ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਇਸ ਦੇ ਪਾਣੀ ਦੇ ਨਿਕਾਸ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ ਅਤੇ ਭਦੌੜ ਨਿਵਾਸੀਆਂ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।
ਦੂਜੇ ਪਾਸੇ ਵਿਧਾਇਕ ਲਾਭ ਸਿੰਘ ਉਗੋਕੇ ਦੀ ਭਦੌੜ ਫੇਰੀ ਮੌਕੇ ਜਦੋਂ ਉਹ ਨਗਰ ਕੌਂਸਲ ਭਦੌੜ ਵਿੱਚ ਪਹੁੰਚੇ ਤਾਂ ਨਗਰ ਕੌਂਸਲ ਪ੍ਰਧਾਨ ਸਮੇਤ 13 ਚੋਂ 12 ਕੌਂਸਲਰ ਗੈਰਹਾਜ਼ਰ ਰਹੇ। ਉਨ੍ਹਾਂ ਚੋਂ ਸਿਰਫ ਇੱਕ ਕੌਂਸਲਰ ਜਗਦੀਪ ਸਿੰਘ ਜੱਗੀ ਹੀ ਦਿਖਾਈ ਦਿੱਤੇ। ਜਿਸ ਨੂੰ ਲੈ ਕੇ ਵਿਧਾਇਕ ਦਾ ਨਗਰ ਕੌਂਸਲ ਦੌਰਾ ਲੋਕਾਂ ਚ ਚਰਚਾ ਦਾ ਵਿਸ਼ਾ ਬਣਿਆ ਰਿਹਾ। ਇੱਥੇ ਇਹ ਵੀ ਦੱਸਣਯੋਗ ਹੋਵੇਗਾ ਕਿ ਨਗਰ ਕੌਂਸਲ ਭਦੌੜ ਵਿਖੇ ਕਾਂਗਰਸ ਪਾਰਟੀ ਦੇ ਜ਼ਿਆਦਾਤਰ ਕੌਂਸਲਰ ਹਨ,3 ਅਕਾਲੀ ਦਲ ਦੇ ਅਤੇ ਕੁਝ ਆਜ਼ਾਦ ਕੌਂਸਲਰ ਵੀ ਜਿੱਤੇ ਹੋਏ ਹਨ
ਕਾਬਿਲੇਗੌਰ ਹੈ ਕਿ ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੌਂਸਲਰ ਜਗਦੀਪ ਸਿੰਘ ਜੱਗੀ, ਕੌਂਸਲਰ ਗੁਰਮੇਲ ਕੌਰ ਅਤੇ ਕੌਂਸਲਰ ਹਰਮਨਜੀਤ ਕੌਰ ਨੇ ਕਾਂਗਰਸ ਪਾਰਟੀ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ ਦਾ ਝਾੜੂ ਫੜ ਲਿਆ ਸੀ। ਵਿਧਾਇਕ ਦੀ ਨਗਰ ਕੌਂਸਲ ਫੇਰੀ ਮੌਕੇ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਸਮੇਤ 13 ਚੋਂ 12 ਕੌਂਸਲਰਾਂ ਦਾ ਗੈਰਹਾਜ਼ਰ ਰਹਿਣਾ ਨਵੀਂ ਚਰਚਾ ਛੇੜ ਗਿਆ ਹੈ।
ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਅੱਜ ਸ਼ਹਿਰ ਤੋਂ ਬਾਹਰ ਕਿਸੇ ਕੰਮ ਵਿੱਚ ਰੁਝੇ ਹੋਏ ਸੀ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਵਿਧਾਇਕ ਦੀ ਫੇਰੀ ਦਾ ਮੈਸੇਜ ਸੀ। ਜੇਕਰ ਮੈਸੇਜ ਲੱਗਿਆ ਹੁੰਦਾ ਤਾਂ ਉਹ 10 ਕੌਂਸਲਰਾਂ ਸਣੇ ਵਿਧਾਇਕ ਲਾਭ ਸਿੰਘ ਉਗੋਕੇ ਦਾ ਸਵਾਗਤ ਕਰਨ ਲਈ ਨਗਰ ਕੌਂਸਲ ਦੇ ਗੇਟ ਸਾਹਮਣੇ ਖੜੇ ਹੁੰਦੇ।
ਕੁਝ ਹੋਰ ਕੌਂਸਲਰਾਂ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵਿਧਾਇਕ ਲਾਭ ਸਿੰਘ ਉਗੋਕੇ ਦੇ ਆਉਣ ਬਾਰੇ ਕੋਈ ਸੁਨੇਹਾ ਜਾਂ ਜਾਣਕਾਰੀ ਨਹੀਂ ਸੀ। ਵਿਧਾਇਕ ਲਾਭ ਸਿੰਘ ਉਗੋਕੇ ਦੀ ਫੇਰੀ ਮੌਕੇ ਆਮ ਆਦਮੀ ਪਾਰਟੀ ਦੇ ਸੂਬਾਈ ਆਗੂ ਕੀਰਤ ਸਿੰਗਲਾ, ਕੌਂਸਲਰ ਜਗਦੀਪ ਸਿੰਘ ਜੱਗੀ, ਕਾਰਜ ਸਾਧਕ ਅਫਸਰ ਮੋਹਿਤ ਸ਼ਰਮਾ, ਜਤਿੰਦਰ ਸ਼ਰਮਾ ਜੇਈ,ਗੁਰਪ੍ਰੀਤ ਗਿੱਲ, ਹਰਪ੍ਰੀਤ ਸਿੰਘ ਗਰੇਵਾਲ,ਗੁਰਪ੍ਰੀਤ ਵਾਲੀਆ ਆਦਿ ਹਾਜ਼ਰ ਸੀ।
ਇਹ ਵੀ ਪੜੋ: ਇਲਾਕੇ ਦੇ ਕੰਮਾਂ ਨੂੰ ਮਾਰਕੇ ਠੇਡਾ, ਐਮ ਐਲ ਏ ਸਾਬ੍ਹ ਘੁੰਮਣ ਕੈਨੇਡਾ