ਬਰਨਾਲਾ: ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਸਰਕਾਰ ਵਲੋਂ ਆਜ਼ਾਦੀ ਦਿਹਾੜੇ ਮੌਕੇ ਦਿੱਲੀ ਦੀ ਤਰਜ਼ 'ਤੇ 75 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਸੀ।
ਇੰਨ੍ਹਾਂ ਆਮ ਆਦਮੀ ਕਲੀਨਿਕ ਦੀ ਹਵਾ ਉਦੋਂ ਨਿਕਲਣੀ ਸ਼ੁਰੂ ਹੋ ਗਈ, ਜਦੋਂ ਇੰਨ੍ਹਾਂ ਕਲੀਨਿਕਾਂ ਦੇ ਡਾਕਟਰਾਂ ਵਲੋਂ ਅਸਤੀਫ਼ੇ ਦੇਣੇ ਸ਼ੁਰੂ ਕਰ ਦਿੱਤੇ ਗਏ। ਜਿਥੇ ਜ਼ਿਲ੍ਹਾ ਬਰਨਾਲਾ ਦੇ ਹਲਕਾ ਭਦੌੜ ਦੇ ਪਿੰਡ ਉੱਗੋਕੇ 'ਚ ਮੁਹੱਲਾ ਕਲੀਨਿਕ ਦੇ ਡਾਕਟਰ ਗੁਰਸਾਗਰ ਦੀਪ ਸਿੰਘ ਵਲੋਂ ਅਸਤੀਫ਼ਾ ਦੇ ਦਿੱਤਾ ਗਿਆ। ਜਦਕਿ ਪਿਛਲੇ ਦਿਨੀਂ ਰੋਪੜ 'ਚ ਆਮ ਆਦਮੀ ਕਲੀਨਿਕ ਦੇ ਡਾਕਟਰ ਵਲੋਂ ਵੀ ਅਸਤੀਫ਼ਾ ਦਿੱਤਾ ਗਿਆ ਸੀ।
ਦੱਸ ਦਈਏ ਕਿ ਪਿੰਡ ਉੱਗੋਕੇ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਦਾ ਪਿੰਡ ਹੈ। ਜਿਥੇ ਮੁਹੱਲਾ ਕਲੀਨਿਕ ਬਣਾਇਆ ਗਿਆ ਸੀ। ਇਸ ਕਲੀਨਿਕ 'ਚ ਤੈਨਾਤ ਮੈਡੀਕਲ ਅਫ਼ਸਰ ਡਾ. ਗੁਰਸਾਗਰ ਦੀਪ ਸਿੰਘ ਵਲੋਂ ਆਪਣਾ ਅਸਤੀਫ਼ਾ ਐਸਐਮਓ ਤਪਾ ਮੰਡੀ ਨੂੰ ਸੌਂਪਿਆ ਗਿਆ ਹੈ।
ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਉਕਤ ਡਾਕਟਰ ਵਲੋਂ ਆਪਣੇ ਅਸਤੀਫ਼ੇ 'ਚ ਕੋਈ ਵੱਡਾ ਕਾਰਨ ਨਹੀਂ ਦੱਸਿਆ ਗਿਆ ਹੈ। ਜ਼ਿਕਰਯੋਗ ਹੈ ਕਿ ਹੁਣ ਇਸ ਆਮ ਆਦਮੀ ਕਲੀਨਿਕ 'ਚ ਸਿਰਫ਼ ਟ੍ਰੇਨਿੰਗ ਫਾਰਮਸਿਸਟ ਹੀ ਰਹਿ ਗਏ ਹਨ, ਜਿਨ੍ਹਾਂ ਆਸਰੇ ਇਹ ਚਲਾਇਆ ਜਾ ਰਿਹਾ ਹੈ।
ਇਸ ਸਬੰਧੀ ਜਦੋਂ ਪੱਤਰਕਾਰ ਵਲੋਂ ਡਾਕਟਰ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਵਲੋਂ ਫੋਨ ਨਹੀਂ ਚੁੱਕਿਆ ਗਿਆ ਅਤੇ ਨਾ ਹੀ ਸਿਹਤ ਪ੍ਰਸ਼ਾਸਨ ਦਾ ਇਸ 'ਤੇ ਕੋਈ ਜਵਾਬ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ: PM ਸੁਰੱਖਿਆ ਕੁਤਾਹੀ ਮਾਮਲੇ ਵਿੱਚ ਅਨੁਰਾਗ ਠਾਕੁਰ ਦਾ ਪੰਜਾਬ ਪੁਲਿਸ ਉੱਤੇ ਇਲਜ਼ਾਮ