ਬਰਨਾਲਾ: ਸ਼ਹਿਰ ਬਰਨਾਲਾ ਵਿੱਚ ਕਾਨੂੰਨ ਵਿਵਸਥਾ ਦਾ ਦਿਨੋਂ ਦਿਨ ਬੁਰਾ ਹਾਲ ਹੁੰਦਾ ਜਾ ਰਿਹਾ ਹੈ। ਸ਼ਹਿਰ ਵਿੱਚ ਇੱਕ ਹਫ਼ਤੇ ਵਿੱਚ ਤਿੰਨ ਵੱਡੀਆਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ। ਬੀਤੀ ਰਾਤ ਵੀ ਪਿਸਤੌਲ ਦੀ ਨੋਕ 'ਤੇ ਤੀਜੀ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਨਾਕਾਮ ਕੋਸਿਸ਼ ਕੀਤੀ ਗਈ। ਸ਼ਹਿਰ ਦੇ ਰਾਏਕੋਟ ਰੋਡ ਉਪਰ ਮੁਲਜ਼ਮ ਨੇ ਪਿਸਤੌਲ ਦਿਖਾ ਕੇ ਦੁਕਾਨਦਾਰ ਤੋਂ ਪਹਿਲਾਂ ਪੈਸੇ ਮੰਗੇ, ਜਦ ਉਸ ਨੇ ਪੈਸੇ ਨਾ ਦਿੱਤੇ 'ਤੇ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ ਗਈ ਪਰ ਦੁਕਾਨਦਾਰ ਦੇ ਰੌਲਾ ਪਾਉਣ 'ਤੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। (Barnala Crime News)
ਹਫ਼ਤੇ 'ਚ ਤਿੰਨ ਲੁੱਟ ਦੀਆਂ ਵਾਰਦਾਤਾਂ: ਇਸ ਘਟਨਾ ਦੀ ਸੀਸੀਟੀਵੀ ਫ਼ੁਟੇਜ਼ ਵੀ ਸਾਹਮਣੇ ਆਈ ਹੈ। ਜਿਸ ਵਿੱਚ ਮੁਲਜ਼ਮ ਪਿਸਤੌਲ ਦਿਖਾ ਕੇ ਦੁਕਾਨਦਾਰ ਨੂੰ ਡਰਾ ਧਮਕਾ ਰਿਹਾ ਹੈ। ਪੀੜਤ ਦੁਕਾਨਦਾਰ ਨੇ ਪੁਲਿਸ ਦੀ ਢਿੱਲੀ ਕਾਰਵਾਈ ਨੂੰ ਲੁੱਟ ਦੀਆਂ ਵਾਰਦਾਤਾਂ ਲਈ ਜਿੰਮੇਵਾਰ ਦੱਸਿਆ ਹੈ। ਦੱਸਣਯੋਗ ਹੈ ਕਿ ਬਰਨਾਲਾ ਸ਼ਹਿਰ ਵਿੱਚ ਇੱਕ ਹਫ਼ਤੇ ਵਿੱਚ ਇਹ ਲੁੱਟ ਦੀ ਤੀਜੀ ਵੱਡੀ ਘਟਨਾ ਹੈ। ਇਸ ਤੋਂ ਪਹਿਲਾਂ ਦੀਆਂ ਦੋ ਲੁੱਟ ਦੀਆਂ ਘਟਨਾਵਾਂ ਨੂੰ ਲੈਕੇ ਬੀਤੇ ਕੱਲ੍ਹ ਹੀ ਪੁਲਿਸ ਨੇ ਪ੍ਰੈਸ ਕਾਨਫ਼ਰੰਸ ਕਰਕੇ ਦੋਸ਼ੀਆਂ ਨੁੰ ਕਾਬੂ ਕਰਨ ਅਤੇ ਅਮਨ ਕਾਨੂੰਨ ਬਹਾਲੀ ਦਾ ਦਾਅਵਾ ਕੀਤਾ ਸੀ, ਪਰ ਪੁਲਿਸ ਦੇ ਦਾਅਵੇ ਦੀ ਇੱਕ ਰਾਤ 'ਚ ਹੀ ਪੋਲ ਖੁੱਲ੍ਹ ਗਈ। ਉਧਰ ਸ਼ਹਿਰ ਵਿੱਚ ਲੁੱਟ ਦੀਆਂ ਵਾਰਦਾਤਾਂ ਨੂੰ ਲੈ ਕੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਪਿਸਤੌਲ ਦਿਖਾ ਕੇ ਵਾਰਦਾਤ: ਇਸ ਮੌਕੇ ਗੱਲਬਾਤ ਕਰਦਿਆਂ ਦੁਕਾਨਦਾਰ ਪ੍ਰਵੀਨ ਕੁਮਾਰ ਨੇ ਕਿਹਾ ਕਿ ਉਸ ਦੀ ਬਰਨਾਲਾ ਦੇ ਰਾਏਕੋਟ ਰੋਡ ਉਪਰ ਸਤਿਸੰਗ ਭਵਨ ਦੇ ਨਾਲ ਦੁਕਾਨ ਹੈ। ਬੀਤੀ ਰਾਤ ਦੁਕਾਨ ਉਪਰ ਉਸਦਾ ਬੇਟਾ ਸੀ। ਇਸ ਦੌਰਾਨ ਦੋ ਮੋਟਰਸਾਈਕਲ ਸਵਾਰ ਦੁਕਾਨ ਅੰਦਰ ਆਏ ਅਤੇ ਨਸ਼ੇ ਦੇ ਸਮਾਨ ਦੀ ਮੰਗ ਕੀਤੀ, ਪਰ ਉਸ ਦੇ ਬੇਟੇ ਨੇ ਸਮਾਨ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਹਨਾਂ ਨੇ ਪਿਸਤੌਲ ਕੱਢ ਕੇ ਦੁਕਾਨ ਦੇ ਗੱਲੇ ਵਿੱਚੋਂ ਪੈਸੇ ਦੀ ਮੰਗ ਕਰਨ ਲੱਗੇ, ਜਿਸ ਨੂੰ ਦੇਣ ਤੋਂ ਬੇਟੇ ਨੇ ਮਨਾ ਕਰ ਦਿੱਤਾ। ਇਸ ਤੋਂ ਬਾਅਦ ਬੇਟੇ ਦਾ ਫ਼ੋਨ ਖੋਹ ਲਿਆ, ਪਰ ਬੇਟੇ ਨੇ ਫ਼ੁਰਤੀ ਵਰਤ ਕੇ ਮੋਬਾਇਲ ਬਚਾ ਲਿਆ। ਇਸੇ ਦੌਰਾਨ ਬੇਟੇ ਨੇ ਮੈਨੂੰ ਆਵਾਜ਼ ਦੇ ਦਿੱਤੀ ਅਤੇ ਮੈਂ ਆ ਕੇ ਰੌਲਾ ਪਾ ਦਿੱਤਾ, ਜਿਸ ਤੋਂ ਬਾਅਦ ਦੋਵੇਂ ਨੌਜਵਾਨ ਭੱਜ ਗਏ।
ਪੁਲਿਸ ਦੀ ਢਿੱਲੀ ਕਾਰਵਾਈ: ਉਹਨਾਂ ਕਿਹਾ ਕਿ ਸਾਮ ਦੇ ਅੱਠ ਵਜੇ ਹੀ ਲੋਕ ਘਰਾਂ ਤੇ ਦੁਕਾਨਾਂ ਵਿੱਚ ਸੁਰੱਖਿਅਤ ਨਹੀਂ ਹਨ। ਉਹਨਾਂ ਕਿਹਾ ਕਿ ਜੇਕਰ ਮੁਲਜ਼ਮ ਉਹਨਾਂ ਦੇ ਬੇਟੇ ਦੇ ਗੋਲੀ ਮਾਰ ਦਿੰਦੇ ਤਾਂ ਉਹਨਾਂ ਦਾ ਘਰ ਬਰਬਾਦ ਹੋ ਜਾਣਾ ਸੀ। ਉਹਨਾਂ ਕਿਹਾ ਕਿ ਪੁਲਿਸ ਦੀ ਕਾਰਵਾਈ ਅਜਿਹੇ ਦੋਸ਼ੀਆਂ ਵਿਰੁੱਧ ਬਹੁਤ ਢਿੱਲੀ ਹੈ। ਜਿਸ ਕਰਕੇ ਅਜਿਹੇ ਸਮਾਜ ਵਿਰੋਧੀ ਅਨਸਰ ਖੁੱਲ੍ਹੇਆਮ ਅਜਿਹੀ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਇਸ ਤੋਂ ਪਹਿਲਾਂ ਅਨੇਕਾਂ ਵਾਰਦਾਤਾਂ ਵਾਪਰ ਚੁੱਕੀਆਂ ਹਨ, ਪੁਲਿਸ ਦੀ ਕਾਰਵਾਈ ਦਾ ਅਜਿਹੇ ਅਨਸਰਾਂ ਨੂੰ ਕੋਈ ਡਰ ਨਹੀਂ ਹੈ।
ਘਟਨਾ ਦੀ ਸੀਸੀਟੀਵੀ ਫ਼ੁਟੇਜ਼ : ਪੀੜਤ ਦੁਕਾਨਦਾਰ ਨੇ ਕਿਹਾ ਕਿ ਸਰਕਾਰ ਤੇ ਪੁਲਿਸ ਅਜਿਹੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕਰੇ ਨਹੀਂ ਤਾਂ ਅੱਕੇ ਲੋਕ ਸੜਕਾਂ ਉਪਰ ਉਤਰ ਕੇ ਧਰਨੇ ਮੁਜ਼ਾਹਰੇ ਕਰਨ ਲਈ ਮਜਬੂਰ ਹੋਣਗੇ। ਉਹਨਾਂ ਕਿਹਾ ਕਿ ਵਪਾਰੀ ਅਤੇ ਦੁਕਾਨਦਾਰ ਪਹਿਲਾਂ ਹੀ ਘਾਟੇ ਵਿੱਚ ਹੈ, ਉਥੇ ਇਸ ਤਰ੍ਹਾਂ ਦੇ ਲੁਟੇਰੇ ਸ਼ਰੇਆਮ ਲੁੱਟ ਕਰਕੇ ਹੋਰ ਪ੍ਰੇਸ਼ਾਨ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸ ਸਾਰੀ ਘਟਨਾ ਦੀ ਸੀਸੀਟੀਵੀ ਫ਼ੁਟੇਜ਼ ਵੀ ਹੈ। ਜਿਸ ਵਿੱਚ ਇੱਕ ਮੁਲਜ਼ਮ ਸੀਸੀਟੀਵੀ ਕੈਮਰੇ ਵਿੱਚ ਆਇਆ ਹੈ, ਜਦਕਿ ਦੂਸਰਾ ਉਸਦਾ ਸਾਥੀ ਬਾਹਰ ਮੋਟਰਸਾਈਕਲ ਉਪਰ ਸਵਾਰ ਖੜਾ ਸੀ। ਉਹਨਾਂ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
- Illegal mining: AAP ਵਿਧਾਇਕ ਦੇ ਰਿਸ਼ਤੇਦਾਰ ਸਣੇ ਦਸ ਲੋਕਾਂ ਨੂੰ ਨਾਜਾਇਜ਼ ਮਾਈਨਿੰਗ 'ਚ ਪੁਲਿਸ ਨੇ ਚੁੱਕਿਆ, 9 ਟਿੱਪਰ ਅਤੇ ਮਸ਼ੀਨ ਵੀ ਕੀਤੀ ਜ਼ਬਤ
- Rail Roko Movement: ਉੱਤਰ ਭਾਰਤ ਦੀਆਂ 19 ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ 'ਚ 17 ਥਾਵਾਂ 'ਤੇ ਰੇਲਾਂ ਦਾ ਚੱਕਾ ਜਾਮ
- Saheed Bhagat Singh Birthday: ਭਗਤ ਸਿੰਘ ਦੇ ਜਨਮ ਦਿਨ ਮੌਕੇ ਮੁੱਖ ਮੰਤਰੀ ਮਾਨ ਦਾ ਐਲਾਨ, ਸ਼ਹੀਦ ਦੇ ਨਾਨਕੇ ਪਿੰਡ ਬਣੇਗਾ ਅਜਾਇਬ ਘਰ ਤੇ ਲਾਇਬ੍ਰੇਰੀ
ਪੁਲਿਸ ਵਲੋਂ ਮੁਲਜ਼ਮਾਂ ਦੀ ਭਾਲ ਜਾਰੀ: ਉਥੇ ਇਸ ਸਬੰਧੀ ਥਾਣਾ ਸਿਟੀ-2 ਦੇ ਐਸਐਚਓ ਨੇ ਦੱਸਿਆ ਕਿ ਉਹਨਾਂ ਨੂੰ ਦੁਕਾਨਦਾਰ ਪ੍ਰਵੀਨ ਕੁਮਾਰ ਨੇ ਇੱਕ ਸਿਕਾਇਤ ਦਿੱਤੀ ਹੈ ਕਿ ਉਹਨਾਂ ਦੀ ਰਾਏਕੋਟ ਰੋਡ ਉਪਰ ਦੁਕਾਨ 'ਤੇ ਪਿਸਤੌਲ ਦੀ ਨੋਕ 'ਤੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪੁਲਿਸ ਵਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫ਼ੁਟੇਜ ਵੀ ਧਿਆਨ ਨਾਲ ਦੇਖੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਨੂੰ ਫੜਨ 'ਚ ਜਾਣਕਾਰੀ ਮਿਲ ਸਕੇ। ਪੁਲਿਸ ਅਧਿਕਾਰੀ ਨੇ ਕਿਹਿਾ ਕਿ ਜਲਦ ਹੀ ਮਾਮਲੇ 'ਚ ਮੁਲਜ਼ਮ ਕਾਬੂ ਕੀਤੇ ਜਾਣਗੇ।