ਬਰਨਾਲਾ: ਬਸੰਤ ਪੰਚਮੀ ਦਾ ਤਿਉਹਾਰ ਆ ਰਿਹਾ ਹੈ, ਜਿਸ ਕਰਕੇ ਬਾਜ਼ਾਰਾਂ ਵਿੱਚ ਦੁਕਾਨਾਂ ਪਤੰਗਾਂ ਅਤੇ ਡੋਰਾਂ ਨਾਲ ਸਜ ਚੁੱਕੀਆਂ ਹਨ। ਪਰ ਚਾਇਨਾ ਡੋਰ ਤਿਉਹਾਰ ਵਿੱਚ ਰੰਗ ਵਿੱਚ ਭੰਗ ਪਾਉਣ ਦਾ ਕੰਮ ਕਰ ਰਹੀ ਹੈ। ਰੋਜ਼ਾਨਾ ਚਾਇਨਾ ਡੋਰ ਨਾਲ ਆਮ ਲੋਕ ਅਤੇ ਪੰਛੀ ਪ੍ਰਭਾਵਿਤ ਹੋ ਰਹੇ ਹਨ। ਬਰਨਾਲਾ ਵਿੱਚ ਡੀਸੀ ਬਰਨਾਲਾ ਦੇ ਪੀਏ ਦਾ ਪੁੱਤਰ ਚਾਇਨਾ ਡੋਰ ਦਾ ਸ਼ਿਕਾਰ ਹੋਇਆ ਹੈ। ਉਥੇ ਤਿਉਹਾਰ ਦੇ ਮੱਦੇਨਜ਼ਰ ਚਾਇਨਾ ਡੋਰ ਸਬੰਧੀ ਬਰਨਾਲਾ ਪ੍ਰਸ਼ਾਸਨ ਨੇ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ।
ਇਹ ਵੀ ਪੜੋ: Daily Love Rashifal: ਦੋਸਤਾਂ ਅਤੇ ਲਵ ਪਾਰਟਨਰਾਂ ਦੇ ਨਾਲ ਬੀਤੇਗਾ ਇਨ੍ਹਾਂ ਰਾਸ਼ੀਆਂ ਦਾ ਦਿਨ
11 ਪਰਚੇ ਦਰਜ: ਬਰਨਾਲਾ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਨਾਲ ਸਮਾਜ ਸੇਵੀ ਲੋਕਾਂ ਨੂੰ ਚਾਇਨਾ ਡੋਰ ਨਾ ਖਰੀਦਣ ਲਈ ਅਪੀਲ ਕਰ ਰਹੇ ਹਨ। ਉਥੇ ਬਰਨਾਲਾ ਵਿੱਚ ਚਾਇਨਾ ਡੋਰ ਵੇਚਣ ਵਾਲਿਆਂ ਵਿਰੁੱਧ ਬਰਨਾਲਾ ਪੁਲਿਸ ਸਖ਼ਤ ਹੋ ਚੁੱਕੀ ਹੈ ਅਤੇ 11 ਪਰਚੇ ਪੁਲਿਸ ਵਲੋਂ ਦਰਜ਼ ਕੀਤੇ ਗਏ ਹਨ। ਜਦਕਿ ਐਸਐਸਪੀ ਬਰਨਾਲਾ ਨੇ ਚਾਇਨਾ ਡੋਰ ਨਾਲ ਪਤੰਗ ਚੜ੍ਹਾਉਣ ਵਾਲੇ ਲੋਕਾਂ ਵਿਰੁੱਧ ਕਾਰਵਾਈ ਕਰਨ ਦੀ ਗੱਲ ਆਖੀ ਹੈ।
ਪੀੜਤ ਦੀ ਲੋਕਾਂ ਨੂੰ ਅਪੀਲ: ਇਸ ਸਬੰਧੀ ਚਾਇਨਾ ਡੋਰ ਨਾਲ ਜਖਮੀ ਹੋਏ ਡੀਸੀ ਬਰਨਾਲਾ ਦੇ ਪੀਏ ਦੇ ਪੁੱਤਰ ਨੇ ਦੱਸਿਆ ਕਿ ਉਹ ਕੱਲ੍ਹ ਬਾਜਾਰ ਤੋਂ ਘਰ ਨੂੰ ਵਾਪਸ ਆ ਰਿਹਾ ਸੀ ਕਿ ਰਸਤੇ ਵਿੱਚ ਓਵਰਬ੍ਰਿਜ ਉਪਰ ਚਾਇਨਾ ਡੋਰ ਉਸਦੇ ਗਲ ਵਿੱਚ ਫਸ ਗਈ। ਜਿਸ ਨਾਲ ਉਸਦ ਹੱਥ ਅਤੇ ਗਰਦਨ ਵਿੱਚ ਕਾਫੀ ਚੀਰਾ ਆ ਗਿਆ ਤੇ ਉਸਦੀ ਗਰਦਨ ਅਤੇ ਹੱਥ ਦੀਆਂ ਉਂਗਲਾਂ ਤੇ ਕਈ ਟਾਂਕੇ ਲਗਾਉਣੇ ਪਏ ਹਨ। ਉਹਨਾਂ ਦੱਸਿਆ ਕਿ ਸਰਕਾਰ ਤੇ ਪ੍ਰਸ਼ਾਸਨ ਭਾਂਵੇ ਚਾਇਨਾ ਡੋਰ ਨੂੰ ਬੰਦ ਕਰਵਾਉਣ ਲਈ ਯਤਨ ਕਰ ਰਿਹਾ ਹੈ, ਪਰ ਜਿੰਨਾਂ ਸਮਾਂ ਆਮ ਲੋਕ ਸਾਥ ਨਹੀਂ ਦਿੰਦੇ ਉਹਨਾਂ ਸਮਾਂ ਇਹ ਡੋਰ ਬੰਦ ਨਹੀਂ ਹੋ ਸਕਦੀ। ਇਸ ਕਰਕੇ ਲੋਕਾਂ ਨੂੰ ਚਾਇਨਾ ਡੋਰ ਖਰੀਦਣੀ ਨਹੀਂ ਚਾਹੀਦੀ।
ਪਿਛਲੇ 15 ਸਾਲਾਂ ਤੋਂ ਪਤੰਗ ਤੇ ਡੋਰ ਦਾ ਕੰਮ ਕਰਦੇ ਆ ਰਹੇ ਦੁਕਾਨਦਾਰ ਪ੍ਰਿੰਸ ਕੁਮਾਰ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਉਹਨਾਂ ਦਾ ਕਾਰੋਬਾਰ ਮੰਦੇ ਵਿੱਚ ਹੈ। ਕਿਉਂਕਿ ਬਾਜ਼ਾਰ ਵਿੱਚ ਚਾਇਨਾ ਡੋਰ ਦੀ ਵਿਕਰੀ ਕਰਕੇ ਉਹਨਾਂ ਦੀ ਡੋਰ ਨਹੀਂ ਵਿਕਦੀ। ਜ਼ਿਲ੍ਹਾ ਪ੍ਰਸ਼ਾਸਨ ਨੇ ਭਾਵੇਂ ਇਸ ਸਬੰਧੀ ਸਖ਼ਤੀ ਕੀਤੀ ਹੈ, ਪਰ ਕੁੱਝ ਲੋਕ ਅੱਜ ਵੀ ਚੋਰੀ ਛਿਪੇ ਚਾਇਨਾ ਡੋਰ ਵੇਚਣ ਰਹੇ ਹਨ। ਜਿਸ ਨਾਲ ਆਏ ਦਿਨ ਹਾਦਸੇ ਵਾਪਰ ਰਹੇ ਹਨ। ਉਹਨਾਂ ਦੱਸਿਆ ਕਿ ਬੀਤੇ ਕੱਲ੍ਹ ਹੀ ਓਵਰਬ੍ਰਿਜ ਉਪਰ ਡੀਸੀ ਬਰਨਾਲਾ ਦੇ ਪੀਏ ਦਾ ਪੁੱਤਰ ਚਾਇਨਾ ਡੋਰ ਨਾਲ ਗੰਭੀਰ ਜ਼ਖ਼ਮੀ ਹੋਇਆ ਹੈ। ਉਥੇ ਇਸ ਮੌਕੇ ਸ਼ਹਿਰ ਵਾਸੀ ਤੇਜ਼ ਸਿੰਘ ਨੇ ਕਾਹ ਕਿ ਉਹਨਾਂ ਦੇ ਸਮੇਂ ਇਹ ਡੋਰ ਨਹੀਂ ਸੀ ਹੁੰਦੀ ਅਤੇ ਲੋਕ ਆਮ ਡੋਰ ਨਾਲ ਹੀ ਪਤੰਗ ਚੜਾਉਂਦੇ ਹਨ। ਹੁਣ ਜਦੋਂ ਤਿਉਹਾਰ ਦਾ ਸੀਜ਼ਨ ਆਇਆ ਹੋਇਆ ਹੈ ਤਾਂ ਆਮ ਲੋਕਾਂ ਨੂੰ ਪ੍ਰਸ਼ਾਸਨ ਦਾ ਸਾਥ ਦਿੰਦੇ ਹੋਏ ਚਾਇਨਾ ਡੋਰ ਨਹੀਂ ਖਰੀਦਣੀ ਚਾਹੀਦੀ।
ਲੋਕ ਚਾਇਨਾ ਡੋਰ ਦਾ ਕਰਨ ਬਾਈਕਾਟ: ਇਸ ਸਬੰਧੀ ਏਡੀਸੀ ਬਰਨਾਲਾ ਲਵਜੀਤ ਕਲਸੀ ਨੇ ਕਿਹਾ ਕਿ ਆਮ ਹੀ ਦੇਖਿਆ ਗਿਆ ਹੈ ਕਿ ਚਾਇਨਾ ਡੋਰ ਨਾਲ ਅਨੇਕਾਂ ਹਾਦਸੇ ਵਾਪਰ ਰਹੇ ਸਨ ਅਤੇ ਪੰਛੀ ਇਸ ਭਿਆਨਕ ਡੋਰ ਨਾਲ ਜ਼ਖ਼ਮੀ ਹੋ ਰਹੇ ਹਨ, ਜਿਸ ਕਰਕੇ ਸਾਨੂੰ ਇਸ ਭਿਆਨਕ ਚਾਇਨਾ ਡੋਰ ਦਾ ਬਾਈਕਾਟ ਕਰਨਾ ਚਾਹੀਦਾ ਹੈ। ਉਹਨਾਂ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਚਾਇਨਾ ਡੋਰ ਨਾ ਖਰੀਦੀ ਜਾਵੇ ਅਤੇ ਇਸਦੀ ਥਾਂ ਮਾਰਕੀਟ ਵਿੱਚ ਮੌਜੂਦ ਦੂਜੀ ਡੋਰ ਨੂੰ ਹੀ ਵਰਤਿਆ ਜਾਵੇ।
ਇਸ ਸਬੰਧੀ ਬਰਨਾਲਾ ਦੇ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਕਿਹਾ ਕਿ ਚਾਇਨਾ ਡੋਰ ਸਬੰਧੀ ਡੀਸੀ ਬਰਨਾਲਾ ਵਲੋਂ ਬਾਕਾਇਦਾ ਰੋਕ ਲਗਾਈ ਗਈ ਹੈ। ਇਸੇ ਦੇ ਮੱਦੇਨਜ਼ਰ ਚਾਇਨਾ ਡੋਰ ਵੇਚਣ ਸਬੰਧੀ 11 ਪਰਚੇ ਦਰਜ ਕਰਕੇ 130ਮ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਚਾਇਨਾ ਡੋਰ ਵੇਚਦਾ ਅਤੇ ਇਸ ਡੋਰ ਨਾਲ ਪਤੰਗ ਚੜਾਉਂਦਾ ਫੜਿਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਡੋਰ ਦੀ ਵਰਤੋਂ ਨਾ ਕੀਤੀ ਜਾਵੇ।
ਇਹ ਵੀ ਪੜੋ: ਵਧ ਰਹੀ ਠੰਢ ਆਲੂ ਦੇ ਕਿਸਾਨਾਂ ਲਈ ਪਰੇਸ਼ਾਨੀ ਦਾ ਕਾਰਨ