ਬਰਨਾਲਾ: ਪੰਜਾਬ ਕਿਸਾਨ ਆਗੂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਬਰਨਾਲਾ ਜੇਲ੍ਹ ਅੱਗੇ ਕਿਸਾਨਾਂ ਵੱਲੋਂ ਧਰਨਾ ਲਗਾਤਾਰ ਜਾਰੀ ਹੈ। ਕਿਸਾਨ ਧਨੇਰ ਦੀ ਉੱਮਰ ਕੈਦ ਦੀ ਸਜਾ ਨੂੰ ਰੱਦ ਕਰਾਉਣ ਲਈ ਤਿੱਖਾ ਸੰਘਰਸ਼ ਕਰ ਰਹੇ ਹਨ। ਇਸ ਸੰਘਰਸ਼ ਸਦਕਾ ਪੰਜਾਬ ਦੇ ਰਾਜਪਾਲ ਵੱਲੋਂ ਧਨੇਰ ਦੀ ਸਜ਼ਾ ਮੁਆਫ਼ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ ਵੱਲੋਂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਨ ਲਈ ਸਜ਼ਾ ਮੁਆਫੀ ਦੀ ਫਾਈਲ 'ਤੇ ਦਸਤਖ਼ਤ ਕਰ ਦਿੱਤੇ ਗਏ ਹਨ ਤੇ ਉਸ ਦੀ ਰਿਹਾਈ ਦੇ ਹੁਕਮ ਜਾਰੀ ਦਿੱਤੇ ਹਨ। ਰਾਜ ਭਵਨ ਵਲੋਂ ਇਹ ਫਾਈਲ ਬੁੱਧਵਾਰ ਸ਼ਾਮ ਨੂੰ ਮੁੱਖ ਮੰਤਰੀ ਦਫ਼ਤਰ ਭੇਜ ਦਿੱਤੀ ਗਈ ਸੀ ਤੇ ਹੁਣ ਛੇਤੀ ਹੀ ਕਿਸਾਨ ਆਗੂ ਮਨਜੀਤ ਧਨੇਰ ਰਿਹਾਅ ਹੋ ਕੇ ਬਾਹਰ ਆ ਜਾਣਗੇ।
ਧਨੇਰ ਦੀ ਸਜ਼ਾ ਮੁਆਫ਼ੀ ਸਬੰਧੀ ਸੰਘਰਸ਼ ਕਰ ਰਹੀ ਐਕਸ਼ਨ ਕਮੇਟੀ ਆਗੂਆਂ ਨੇ ਅਜੇ ਕੁਝ ਬੋਲਣ ਤੋਂ ਪਾਸਾ ਵੱਟ ਲਿਆ ਹੈ। ਐਕਸ਼ਨ ਕਮੇਟੀ ਨੇ ਮੀਟਿੰਗ ਕਰਨ ਤੋਂ ਬਾਅਦ ਬਿਆਨ ਜਾਰੀ ਕਰਨ ਦੀ ਗੱਲ ਆਖੀ ਹੈ।
ਕੀ ਹੈ ਪੁਰਾਣਾ ਮਾਮਲਾ?
ਮਨਜੀਤ ਧਨੇਰ ਇੱਕ ਕਤਲ ਮਾਮਲੇ ਵਿੱਚ ਬਰਨਾਲਾ ਜੇਲ੍ਹ ਵਿਚ 30 ਸਤੰਬਰ ਤੋਂ ਬੰਦ ਹਨ। 62 ਸਾਲਾ ਮਨਜੀਤ ਸਿੰਘ ਧਨੇਰ ਕਿਰਨਜੀਤ ਕੌਰ ਅਗਵਾ ਤੇ ਕਤਲ ਕਾਂਡ ਵਿਰੋਧੀ ਬਣਾਈ ਵਿਰੋਧੀ ਐਕਸ਼ਨ ਕਮੇਟੀ ਦੇ ਆਗੂ ਰਹੇ ਹਨ। ਇਸੇ ਦਿਨ ਤੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਧਨੇਰ ਦੀ ਰਿਹਾਈ ਲਈ ਲਗਾਤਾਰ 44 ਦਿਨਾਂ ਤੋਂ ਜੇਲ੍ਹ ਅੱਗੇ ਸੰਘਰਸ਼ ਜਾਰੀ ਹੈ।