ਬਰਨਾਲਾ: ਜ਼ਿਲ੍ਹੇ ਦੇ ਕਸਬਾ ਧਨੌਲਾ ਦੀ ਸਹਿਕਾਰੀ ਸੁਸਾਇਟੀ ਦੇ ਮੈਨੇਜਰ ਨੇ ਸੁਸਾਇਟੀ ਪ੍ਰਧਾਨ ਸਮੇਤ ਅਤੇ 3 ਹੋਰ ਲੋਕਾਂ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਐਸ.ਸੀ ਭਾਈਚਾਰੇ ਨਾਲ ਸਬੰਧਤ ਹੋਣ ਕਾਰਨ ਮ੍ਰਿਤਕ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾਂਦਾ ਸੀ।
ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਬੇਟੇ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਦਾ ਨਾਂਅ ਹਰਮੇਲ ਸਿੰਘ ਹੈ ਤੇ ਉਹ ਧਨੌਲਾ ਵਿਖੇ ਸਹਿਕਾਰੀ ਖੇਤੀਬਾੜੀ ਸੇਵਾ ਸੁਸਾਇਟੀ ਵਿੱਚ ਮੈਨੇਜਰ ਵਜੋਂ ਤਾਇਨਾਤ ਸੀ। ਅੱਜ ਦਫ਼ਤਰ ਵਿੱਚ ਇੱਕ ਮੀਟਿੰਗ ਹੋਈ, ਜਿੱਥੇ ਸੁਸਾਇਟੀ ਦੇ ਪ੍ਰਧਾਨ ਅਤੇ ਤਿੰਨ ਹੋਰ ਵਿਅਕਤੀਆਂ ਦੁਆਰਾ ਉਸ ਦੀ ਬੁਰੀ ਤਰ੍ਹਾਂ ਬੇਇੱਜ਼ਤੀ ਕੀਤੀ। ਇਸ ਕਾਰਨ ਉਸ ਦੇ ਪਿਤਾ ਨੇ ਕੋਈ ਜ਼ਹਿਰੀਲੀ ਦਵਾਈ ਪੀ ਲਈ ਸੀ। ਉਨ੍ਹਾਂ ਮ੍ਰਿਤਕ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਮਾਮਲੇ 'ਤੇ ਚਸ਼ਮਦੀਦ ਗਵਾਹ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਮ੍ਰਿਤਕ ਕੋਲ ਪਹੁੰਚਿਆ ਤਾਂ ਉਸ ਨੇ ਜ਼ਹਿਰੀਲੀ ਦਵਾਈ ਪੀਤੀ ਹੋਈ ਸੀ। ਜਦੋਂ ਉਹ ਮ੍ਰਿਤਕ ਨੂੰ ਹਸਪਤਾਲ ਲੈ ਕੇ ਜਾਣ ਲੱਗੇ ਤਾਂ ਮ੍ਰਿਤਕ ਨੇ ਦੱਸਿਆ ਕਿ ਸੁਸਾਇਟੀ ਦੇ 4 ਅਹੁਦੇਦਾਰਾਂ ਨੇ ਉਸ ਨੂੰ ਖ਼ੁਦਕੁਸ਼ੀ ਲਈ ਮਜਬੂਰ ਕੀਤਾ। ਮ੍ਰਿਤਕ ਨੇ ਦੱਸਿਆ ਕਿ ਉਸਦਾ ਘਰ ਪਹਿਲਾਂ ਹੀ ਕਰਜ਼ੇ ‘ਤੇ ਹੈ, ਜਦੋਂਕਿ ਸੁਸਾਇਟੀ ਦੇ ਅਧਿਕਾਰੀ ਮ੍ਰਿਤਕ ਨੂੰ ਕਿਸੇ ਘੁਟਾਲੇ ਦਾ ਦੋਸ਼ ਲਗਾਉਂਦੇ ਸਨ। ਜਿਸ ਕਰਕੇ ਉਹ ਖੁਦਕੁਸ਼ੀ ਕਰ ਗਿਆ।
ਇਹ ਵੀ ਪੜ੍ਹੋ: ਸਮੂਹਿਕ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ DIG ਨੂੰ 8 ਅਤੇ DSP ਨੂੰ 4 ਸਾਲ ਦੀ ਸਜ਼ਾ
ਸੁਸਾਇਟੀ ਸੱਕਤਰ ਯੂਨੀਅਨ ਦੇ ਆਗੂ ਬੂਟਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਮੇਲ ਸਿੰਘ ਧਨੌਲਾ ਕਸਬੇ ਦੀ ਸਹਿਕਾਰੀ ਸੁਸਾਇਟੀ ਵਿੱਚ ਮੈਨੇਜਰ ਵਜੋਂ ਤਾਇਨਾਤ ਸੀ ਤੇ ਲੰਮੇਂ ਸਮੇਂ ਤੋਂ ਸੁਸਾਇਟੀ ਵਿੱਚ ਕੰਮ ਕਰ ਰਿਹਾ ਸੀ। ਉੱਚ ਅਧਿਕਾਰੀਆਂ ਨੂੰ ਮ੍ਰਿਤਕ ਦੁਆਰਾ ਕੀਤੀ ਗਈ ਖੁਦਕੁਸ਼ੀ ਬਾਰੇ ਜਾਣੂ ਕਰਵਾਇਆ ਗਿਆ ਹੈ ਅਤੇ ਮ੍ਰਿਤਕ ਦੇ ਪਰਿਵਾਰ ਦਾ ਹਰ ਤਰ੍ਹਾਂ ਨਾਲ ਸਹਿਯੋਗ ਕੀਤਾ ਜਾਵੇਗਾ।
ਇਸ ਮਾਮਲੇ 'ਤੇ ਜਾਂਚ ਅਧਿਕਾਰੀ ਬਲਕਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਮੌਤ ਜ਼ਹਿਰੀਲੀ ਦਵਾਈ ਪੀਣ ਕਾਰਨ ਹੋਈ ਹੈ ਅਤੇ ਮ੍ਰਿਤਕ ਦੇ ਬੇਟੇ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰਕੇ ਦੋਸ਼ੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।