ਬਰਨਾਲਾ: ਵਿਦੇਸ਼ ਰਹਿੰਦੀ ਪਤਨੀ ਵੱਲੋਂ ਧੋਖਾ ਦੇਣ ਕਾਰਨ ਖੁਦਕੁਸ਼ੀ ਕਰ ਗਏ ਲਵਪ੍ਰੀਤ ਦੇ ਮਾਮਲੇ ਵਿੱਚ ਲਵਪ੍ਰੀਤ ਦੀ ਪਤਨੀ ਬੇਅੰਤ ਕੌਰ ਅਤੇ ਸੱਸ ਸਹੁਰਾ ਖਿਲਾਫ ਧਾਰਾ 306 ਲਗਵਾਉਣ ਲਈ ਲੰਘੇ ਕੱਲ੍ਹ 11 ਵਜੇ ਤੋਂ ਲਗਾਇਆ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਜਦਕਿ ਪੁਲਿਸ ਪ੍ਰਸ਼ਾਸਨ ਵੱਲੋਂ ਦਿੱਤੇ ਵਿਸ਼ਵਾਸ ਦੌਰਾਨ 29 ਘੰਟਿਆਂ ਬਾਅਦ ਧਰਨਾਕਾਰੀਆਂ ਨੇ ਰਸਤਾ ਖੋਲ੍ਹ ਦਿੱਤਾ ਗਿਆ। ਜਿਸ ਨਾਲ ਪੁਲਿਸ ਪ੍ਰਸਾਸਨ ਨੇ ਸੁੱਖ ਦਾ ਸਾਹ ਲਿਆ ਹੈ।

ਇਹ ਵੀ ਪੜੋ: ਰੇਲ ਵਿੱਚ ਸਫ਼ਰ ਕਰਨ ਤੋਂ ਪਹਿਲਾਂ ਜਾਣ ਲਵੋਂ ਜ਼ਰੂਰੀ ਹਦਾਇਤਾਂ
ਪੁਲਿਸ ਅਤੇ 11 ਮੈਂਬਰੀ ਧਰਨਾਕਾਰੀਆਂ ਦੀ ਕਮੇਟੀ ਦਰਮਿਆਨ ਸਥਾਨਕ ਰਜਵਾੜਾ ਢਾਬੇ ਤੇ ਚੱਲੀ ਲੰਬੀ ਗੱਲਬਾਤ ਦੌਰਾਨ ਇਹ ਫੈਸਲਾ ਤਹਿ ਹੋਇਆ ਕਿ ਲਵਪ੍ਰੀਤ ਖੁਦਕੁਸ਼ੀ ਮਾਮਲੇ ਦੀ 25 ਅਗਸਤ ਤੱਕ ਪੋਸਟਮਾਰਟਮ ਰਿਪੋਰਟ ਆਉਣ ਦੌਰਾਨ ਰਿਪੋਰਟ ਦੇ ਅਧਾਰ 'ਤੇ ਬਾਕੀ ਧਰਾਵਾਂ ਵਿੱਚ ਵਾਧਾ ਕੀਤਾ ਜਾਵੇਗਾ। ਪਰਿਵਾਰ ਵੱਲੋਂ ਹੋਰ ਕੋਈ ਠੋਸ ਸਬੂਤ ਸਾਨੂੰ ਮੁਹੱਈਆ ਕਰਵਾਏ ਜਾਣ 'ਤੇ ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਲਵਪ੍ਰੀਤ ਦੇ ਸੱਸ, ਸਹੁਰਾ ਨੂੰ ਕਨੂੰਨੀ ਕਟਹਿਰੇ ਵਿੱਚ ਲਿਆਂਦਾ ਜਾਵੇਗਾ।
ਇਸ ਹੋਏ ਫੈਸਲੇ ਨੂੰ ਸੀਨੀਅਰ ਪੁਲਿਸ ਅਧਿਕਾਰੀ ਬ੍ਰਿਜ ਮੋਹਨ ਨੇ 11 ਮੈਂਬਰੀ ਕਮੇਟੀ ਦੀ ਹਾਜਰੀ ਵਿੱਚ ਬਕਾਇਦਾ ਸਟੇਜ ਤੋਂ ਅਨਾਊਂਸਮੈਂਟ ਕੀਤੀ ਗਈ। ਜਿਸਦਾ ਪਹਿਲਾਂ ਹੋਰਨਾਂ ਧਰਨਾਕਾਰੀਆਂ ਨੇ ਸਵਾਗਤ ਕੀਤਾ ਗਿਆ, ਪਰ ਕੁੱਝ ਸਮੇਂ ਬਾਅਦ ਹੀ ਇਸ ਹੋਏ ਫੈਸਲੇ ਨੂੰ ਨਾ ਮਨਜੂਰ ਕਰ ਦਿੱਤਾ ਗਿਆ। ਜਿਸ ਤੋਂ 11 ਮੈਂਬਰੀ ਕਮੇਟੀ ਦੇ ਆਗੂਆਂ ਦਰਸਨ ਦਾਸ ਬਾਵਾ ਬੀਕੇਯੂ ਡਕੌਂਦਾ, ਸਿੰਕਦਰ ਸਿੰਘ ਭੂਰੇ, ਗੁਰਵਿੰਦਰ ਸਿੰਘ ਬੜਿੰਗ ਬੀਕੇਯੂ ਕਾਦੀਆਂ, ਕੁਲਵਿੰਦਰ ਸਿੰਘ, ਜਗਸੀਰ ਸਿੰਘ, ਪਰਮਜੀਤ ਸਿੰਘ ਮਾਨ, ਸਰਪੰਚ ਕੇਵਲ ਸਿੰਘ, ਹਰਵਿੰਦਰ ਸਿੰਘ, ਹਰਿੰਦਰ ਸਿੰਘ, ਦਰਸਨ ਸਿੰਘ,ਮੱਖਣ ਸਿੰਘ ਆਦਿ ਆਗੂਆਂ ਨੇ ਆਪਣੀ ਹੇਠੀ ਸਮਝੀ ਤਾਂ ਉਨ੍ਹਾਂ ਮੁੜ ਸਟੇਜ ਤੋਂ ਐਲਾਨ ਕੀਤਾ ਗਿਆ ਕਿ ਅਗਰ ਕੋਈ ਹੋਰ ਆਗੂ ਇਸਤੋਂ ਵਧੀਆ ਫੈਸਲਾ ਲੈ ਸਕਦਾ ਹੈ ਉਹ ਅੱਗੇ ਆਏ ਸਾਡੀ ਕਮੇਟੀ ਉਨ੍ਹਾਂ ਦਾ ਪੂਰਨ ਸਾਥ ਦੇਵੇਗੀ।
ਅਗਰ ਅਜਿਹਾ ਨਹੀਂ ਤਾਂ ਪ੍ਰਸਾਸਨ ਨਾਲ ਹੋਏ ਸਮਝੌਤੇ ਅਨੁਸਾਰ ਹਾਈਵੇ ਦਾ ਰਸਤਾ ਖੋਲ੍ਹ ਦਿੱਤਾ ਜਾਵੇ, ਪਰ ਇਸ ਦੌਰਾਨ ਮੁੜ ਚੱਲੀ ਕਸਮਕੱਸ ਤੋਂ ਬਾਅਦ ਧਰਨਾਕਾਰੀਆਂ ਨੇ ਹਾਈਵੇ ਦਾ ਰਸਤਾ ਖੋਲ੍ਹ ਦਿੱਤਾ ਗਿਆ। ਜਿਸ ਨਾਲ ਪੁਲਿਸ ਨੇ ਸੁੱਖ ਦਾ ਸਾਹ ਲਿਆ ਤੇ ਪਿਛਲੇ 29 ਘੰਟਿਆਂ ਤੋਂ ਹਾਈਵੇ ਤੇ ਰੁਕੀ ਟਰੈਫਿਕ ਨੂੰ ਚਾਲੂ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਧਨੌਲਾ ਦੇ ਨੇੜਲੇ ਪਿੰਡ ਕੋਠੇ ਗੋਬਿੰਦਪੁਰਾ ਦੇ ਵਸਨੀਕ 23 ਸਾਲਾਂ ਲਵਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਨੇ ਕੈਨੇਡਾ ਰਹਿੰਦੀ ਪਤਨੀ ਵੱਲੋਂ ਧੋਖਾ ਦੇਣ ਕਾਰਨ ਖੁਦਕੁਸ਼ੀ ਕਰ ਲਈ ਸੀ। ਇਕ ਮਹੀਨੇ ਬਾਅਦ ਪੁਲਿਸ ਨੇ ਲਵਪ੍ਰੀਤ ਦੀ ਪਤਨੀ ਬੇਅੰਤ ਕੌਰ ਖਿਲਾਫ਼ ਧਾਰਾ 420 ਦਾ ਮਾਮਲਾ ਦਰਜ ਕਰ ਦਿੱਤਾ। ਪਰ ਪਰਿਵਾਰ ਇਸ ਧਾਰਾ ਨਾਲ ਸਹਿਮਤ ਨਹੀਂ ਹੋਇਆ।
ਉਨ੍ਹਾਂ ਵੱਲੋਂ ਲਵਪ੍ਰੀਤ ਦੀ ਪਤਨੀ ਬੇਅੰਤ ਕੌਰ ,ਸੱਸ, ਸਹੁਰੇ ਖਿਲਾਫ ਧਾਰਾ 306 ਦੀ ਮੰਗ ਨੂੰ ਲੈਕੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਐਨਐਚ 7 ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਪੁਲਿਸ ਨੇ ਟਰੈਫਿਕ ਨੂੰ ਚਾਲੂ ਕਰਨ ਲਈ ਪਿੰਡਾਂ ਦਾ ਸਹਾਰਾ ਲਿਆ ਤਾਂ ਵੱਖ ਵੱਖ ਪਿੰਡਾਂ ਵੱਲੋਂ ਟਰੈਫਿਕ ਨੂੰ ਆਪਣੇ ਪਿੰਡਾਂ ਵਿੱਚੋਂ ਲੰਘਣ ਤੇ ਪਾਬੰਦੀ ਲਗਾ ਦਿੱਤੀ। ਜਿਸ ਕਾਰਨ ਟਰੈਫਿਕ ਦਾ ਜਮਵਾੜਾ ਲੰਮਾਂ ਹੁੰਦਾ ਗਿਆ ਕਈ ਵਹੀਕਲ ਚਾਲਕਾਂ ਨੂੰ 50-50 ਕਿੱਲੋਮੀਟਰ ਦਾ ਫਾਸਲਾ ਤੈਅ ਕਰਕੇ ਹੋਰਨਾਂ ਰੂਟਾਂ ਤੇ ਜਾਕੇ ਆਪਣੀ ਮੰਜਿਲ ਵੱਲ ਵਧੇ।