ਬਰਨਾਲਾ: ਸ਼ਹਿਰ ਦੇ ਬਿਲਕੁਲ ਵਿਚਕਾਰ ਲੁਟੇਰੇ ਨੇ ਪਿਸਤੌਲ ਦੀ ਨੋਕ ਉੱਤੇ ਵਾਰਦਾਤ ਨੂੰ ਅੰਜਾਮ ਦਿੱਤਾ। ਨਕਾਬ ਪਾ ਕੇ ਆਏ ਲੁਟੇਰੇ ਨੇ ਦੁਕਾਨ 'ਤੇ ਬੈਠੀ ਔਰਤ ਤੋਂ ਨਕਦੀ ਮੰਗੀ ਅਤੇ ਪੈਸੇ ਨਾ ਦੇਣ 'ਤੇ ਗੋਲੀ ਮਾਰਨ ਦੀ ਧਮਕੀ ਦਿੱਤੀ। ਡਰ ਦੇ ਮਾਰੇ ਦੁਕਾਨ ਮਾਲਕਣ ਨੇ ਦੁਕਾਨ 'ਚ ਰੱਖੀ ਨਕਦੀ ਲੁਟੇਰੇ (Loot On Gun Point) ਨੂੰ ਦੇ ਦਿੱਤੀ। ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ।
ਸੀਸੀਟੀਵੀ ਵਿੱਚ ਘਟਨਾ ਕੈਦ: ਘਟਨਾ ਦੀਆਂ ਦੋ ਸੀਸੀਟੀਵੀ ਫੁਟੇਜ ਸਾਹਮਣੇ ਆਈਆਂ ਹਨ। ਪਹਿਲੀ ਫੁਟੇਜ ਦੁਕਾਨ ਦੇ ਅੰਦਰ ਦੀ ਹੈ, ਜਿਸ 'ਚ ਮੁਲਜ਼ਮ ਹੱਥ 'ਚ ਪਿਸਤੌਲ ਲੈ ਕੇ ਦੁਕਾਨ ਮਾਲਕ ਨੂੰ ਧਮਕਾ ਰਿਹਾ ਹੈ। ਦੂਜੀ ਫੁਟੇਜ 'ਚ ਮੁਲਜ਼ਮ ਮੋਟਰਸਾਈਕਲ ਚਲਾ ਕੇ ਜਾ ਰਿਹਾ ਹੈ। ਇਸ ਘਟਨਾ ਨੂੰ ਲੈ ਕੇ ਵਪਾਰ ਮੰਡਲ ਬਰਨਾਲਾ ਨੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਹਨ ਤੇ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।
ਕਾਸਮੈਟਿਕ ਦੀ ਦੁਕਾਨ ਉੱਤੇ ਲੁੱਟ: ਇਸ ਮੌਕੇ 'ਤੇ ਗੱਲਬਾਤ ਕਰਦੇ ਹੋਏ ਦੁਕਾਨ 'ਤੇ ਕੰਮ ਕਰਦੇ ਕਰਮਚਾਰੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਬਰਨਾਲਾ ਸ਼ਹਿਰ ਦੇ ਗੀਤਾ ਭਵਨ ਮੰਦਿਰ ਨੇੜੇ ਗੋਇਲ ਬ੍ਰਦਰ ਦੇ ਨਾਮ 'ਤੇ ਉਨ੍ਹਾਂ ਦੀ ਕਾਸਮੈਟਿਕ ਦੀ ਦੁਕਾਨ ਹੈ। ਦਿਨ ਵੇਲੇ ਇੱਕ ਵਿਅਕਤੀ ਮੂੰਹ ਢੱਕ ਕੇ ਦੁਕਾਨ ਅੰਦਰ ਦਾਖਲ ਹੋਇਆ, ਜਿਸ ਕੋਲ ਪਿਸਤੌਲ ਵੀ ਸੀ। ਉਕਤ ਵਿਅਕਤੀ ਨੇ ਪਿਸਤੌਲ ਦਿਖਾ ਕੇ ਗੋਲੀ ਮਾਰਨ ਦੀ ਧਮਕੀ ਦਿੱਤੀ ਅਤੇ ਦੁਕਾਨ ਵਿੱਚ ਰੱਖੇ ਪੈਸਿਆਂ ਦੀ ਮੰਗ ਕੀਤੀ। ਉਸ ਸਮੇਂ ਦੁਕਾਨ ਮਾਲਕ ਦੀ ਪਤਨੀ ਦੁਕਾਨ 'ਤੇ ਬੈਠੀ ਸੀ। ਘਟਨਾ ਦੌਰਾਨ ਮਾਲਕ ਅਸ਼ਵਨੀ ਕੁਮਾਰ ਦੁਕਾਨ ਦੇ ਪਿੱਛਲੇ ਦਰਵਾਜ਼ੇ ਤੋਂ ਮੌਕੇ 'ਤੇ ਪਹੁੰਚ ਗਿਆ ਸੀ, ਪਰ ਇਸ ਦੌਰਾਨ ਲੁਟੇਰੇ ਨੇ ਉਸ ਨੂੰ ਵੀ ਗੋਲੀ ਮਾਰਨ ਦੀ ਧਮਕੀ ਦਿੱਤੀ ਤੇ ਸਾਰੇ ਪੈਸੇ ਖੋਹ ਫਰਾਰ ਹੋ ਗਿਆ।
ਲੁਟੇਰਿਆ ਨੂੰ ਨਹੀਂ ਪੁਲਿਸ ਪ੍ਰਸ਼ਾਸਨ ਦਾ ਖੌਫ: ਵਪਾਰ ਮੰਡਲ ਦੇ ਪ੍ਰਧਾਨ ਨੇ ਇਸ ਸਬੰਧ ਵਿੱਚ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਨਾ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ ਹੈ। ਦਿਨ-ਬ-ਦਿਨ ਚੋਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਵਧ ਰਹੀਆਂ ਹਨ। ਦਿਨ-ਦਿਹਾੜੇ ਸ਼ਹਿਰ ਦੇ ਵਿਚਕਾਰ ਸਥਿਤ ਇੱਕ ਦੁਕਾਨ ਵਿੱਚ ਲੁੱਟ ਦੀ ਘਟਨਾ ਵਾਪਰੀ ਜੋ ਕਿ ਸ਼ਰਮਨਾਕ ਹੈ। ਉਹਨਾਂ ਨੇ ਕਿਹਾ ਕਿ ਇੰਝ ਲੱਗਦਾ ਹੈ ਕਿ ਸਰਕਾਰ ਨੇ ਮੁਲਜ਼ਮਾਂ ਨੂੰ ਲਾਇਸੈਂਸ ਦੇ ਕੇ ਵਾਰਦਾਤ ਨੂੰ ਅੰਜਾਮ ਦੇਣ ਲਈ ਭੇਜ ਦਿੱਤਾ ਹੈ। ਮੁਲਜ਼ਮ 10 ਮਿੰਟ ਤੱਕ ਦੁਕਾਨ ਦੇ ਅੰਦਰ ਹੀ ਰਹੇ, ਜਿਸ ਤੋਂ ਸਾਬਤ ਹੋ ਰਿਹਾ ਹੈ ਕਿ ਲੁਟੇਰਿਆਂ ਅਤੇ ਚੋਰਾਂ ਨੂੰ ਸਰਕਾਰ ਅਤੇ ਕਾਨੂੰਨ ਦਾ ਕੋਈ ਡਰ ਨਹੀਂ ਹੈ।
ਮਾਮਲੇ ਦੀ ਜਾਂਚ ਜਾਰੀ: ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਬਰਨਾਲਾ ਦੇ ਗੀਤਾ ਭਵਨ ਮੰਦਿਰ ਨੇੜੇ ਗੋਇਲ ਬ੍ਰਦਰਜ਼ ਨਾਮ ਦੀ ਦੁਕਾਨ 'ਚ ਲੁੱਟ ਦੀ ਘਟਨਾ ਵਾਪਰੀ ਹੈ। ਦੁਕਾਨ ਦਾ ਮਾਲਕ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ ਅਤੇ ਉਸ ਦੀ ਪਤਨੀ ਅਤੇ ਕਰਮਚਾਰੀ ਦੁਕਾਨ 'ਤੇ ਸਨ। ਲੁਟੇਰੇ ਦੁਕਾਨ ਅੰਦਰ ਦਾਖਲ ਹੋਏ ਅਤੇ ਦੁਕਾਨ ਵਿੱਚ ਰੱਖੀ ਨਕਦੀ ਦੀ ਮੰਗ ਕੀਤੀ। ਡਰਦੇ ਮਾਰੇ ਦੁਕਾਨਦਾਰ ਦੀ ਪਤਨੀ ਨੇ ਦੁਕਾਨ ਵਿੱਚ ਰੱਖੇ 7 ਹਜ਼ਾਰ ਰੁਪਏ ਮੁਲਜ਼ਮ ਨੂੰ ਦੇ ਦਿੱਤੇ। ਉਨ੍ਹਾਂ ਦੱਸਿਆ ਕਿ ਪੁਲੀਸ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਦੀਆਂ ਚਾਰ ਟੀਮਾਂ ਇਸ ਮਾਮਲੇ ਵਿੱਚ ਜੁਟੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਮਾਮਲੇ ਨੂੰ ਟਰੇਸ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਕੋਲ ਪਿਸਤੌਲ ਅਸਲੀ ਸੀ ਜਾਂ ਨਕਲੀ।