ਬਰਨਾਲਾ: ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੂੰ ਖੇਤੀ ਕਾਨੂੰਨਾਂ ਵਿਰੁੱਧ ਸੁਪਰੀਮ ਕੋਰਟ ਜਾਣਾ ਮਹਿੰਗਾ ਪੈ ਰਿਹਾ ਹੈ। ਜਥੇਬੰਦੀ ਸਦੇ ਇਸ ਫੈਸਲੇ ਦੇ ਕਾਰਨ ਕਈ ਜ਼ਿਲ੍ਹਾ ਇਕਾਈਆਂ ਸਮੂਹਿਕ ਤੌਰ 'ਤੇ ਜੱਥੇਬੰਦੀ ਤੋਂ ਵੱਖ ਹੋ ਚੁੱਕੀਆਂ ਹਨ। ਹੁਣ ਵੱਖ ਹੋਈ ਬਰਨਾਲਾ ਦੀ ਜ਼ਿਲ੍ਹਾ ਇਕਾਈ ਨੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦਾ ਪੱਲਾ ਫੜ੍ਹ ਲਿਆ ਹੈ। ਬਰਨਾਲਾ 'ਚ ਹੋਏ ਇੱਕ ਸਮਾਗਮ ਦੌਰਾਨ ਜ਼ਿਲ੍ਹਾ ਬਰਨਾਲਾ ਦੇ ਸਾਬਕਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਦੀ ਅਗਵਾਈ ਵਿੱਚ ਸਾਰੀ ਟੀਮ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵਿੱਚ ਸ਼ਾਮਲ ਹੋ ਗਈ।
ਇਸ ਮੌਕੇ ਭਾਕਿਯੂ (ਕਾਦੀਆਂ) ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਖ਼ੁਦ ਪਹੁੰਚ ਕੇ ਇਨ੍ਹਾਂ ਆਗੂਆਂ ਅਤੇ ਵਰਕਰਾਂ ਨੂੰ ਜੱਥੇਬੰਦੀ ’ਚ ਸ਼ਾਮਲ ਕੀਤਾ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਭਾਕਿਯੂ (ਕਾਦੀਆਂ) ਨੇ ਵੀ ਜਗਸੀਰ ਸਿੰਘ ਛੀਨੀਵਾਲ ਨੂੰ ਜ਼ਿਲਾ ਪ੍ਰਧਾਨ ਬਣਾਇਆ ਹੈ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਦੱਸਿਆ ਕਿ ਖੇਤੀ ਬਿੱਲਾਂ ਦੇ ਵਿਰੋਧ ’ਚ ਭਾਕਿਯੂ (ਲੱਖੋਵਾਲ) ਵਲੋਂ ਜੱੱਥੇਬੰਦੀਆਂ ਤੋਂ ਅਲੱਗ ਤੌਰ ’ਤੇ ਕਦਮ ਚੁੱਕਣ ਕਾਰਨ ਉਨ੍ਹਾਂ ਦੀ ਸਾਰੀ ਟੀਮ ਨੇ ਲੱਖੋਵਾਲ ਦਾ ਸਾਥ ਛੱਡ ਦਿੱਤਾ ਸੀ। ਖੇਤੀ ਕਾਨੂੰਨਾਂ ਵਿਰੁੱਧ ਜਾਰੀ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਲਈ ਉਨ੍ਹਾਂ ਸੰਘਰਸ਼ ਵਿੱਚ ਰਹਿਣ ਦਾ ਫੈਸਲਾ ਕੀਤਾ ਹੈ। ਇਸੇ ਤਹਿਤ ਸਾਰੀ ਜ਼ਿਲਾ ਟੀਮ ਵਲੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ। ਹੁਣ ਭਾਕਿਯੂ (ਕਾਦੀਆਂ) ਨਾਲ ਜੁੜ ਕੇ ਖੇਤੀ ਬਿੱਲਾਂ ਵਿਰੁੱਧ ਪਹਿਲਾਂ ਦੀ ਤਰ੍ਹਾਂ ਲੜਾਈ ਜਾਰੀ ਰੱਖੀ ਜਾਵੇਗੀ।
ਉਧਰ ਇਸ ਸਬੰਧੀ ਭਾਕਿਯੂ (ਕਾਦੀਆਂ) ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਨੇ ਦੱਸਿਆ ਕਿ ਜਦੋਂ ਕੋਈ ਵੀ ਜਥੇਬੰਦੀ ਆਪਣੇ ਪੱਧਰ ’ਤੇ ਫ਼ੈਸਲੇ ਲੈ ਕੇ ਹੇਠਲੇ ਪੱਧਰ ’ਤੇ ਕੋਈ ਗੱਲਬਾਤ ਨਹੀਂ ਕਰਦੀ ਤਾਂ ਇਸ ਤਰੀਕੇ ਵਰਕਰਾਂ ਵਿੱਚ ਨਰਾਜ਼ਗੀ ਪੈਦਾ ਹੁੰਦੀ ਹੈ। ਇਸ ਕਰਕੇ ਬਰਨਾਲਾ ਜ਼ਿਲੇ ਦੀ ਲੱਖੋਵਾਲ ਯੂਨੀਅਨ ਦੀ ਸਾਬਕਾ ਇਕਾਈ ਨੂੰ ਮਹਿਸੂਸ ਹੋਇਆ ਕਿ ਖੇਤੀ ਕਾਨੂੰਨਾਂ ਵਿਰੁੱਧ ਅਦਾਲਤ ਵਿੱਚ ਜਾਣਾ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹੈ। ਇਸ ਕਰਕੇ ਇਨ੍ਹਾਂ ਵੱਲੋਂ ਲੱਖੋਵਾਲ ਜੱਥੇਬੰਦੀ ਤੋਂ ਅਸਤੀਫ਼ੇ ਦਿੱਤੇ ਗਏ। ਅੱਜ ਸਾਰੀ ਟੀਮ ਸਾਡੀ ਜੱਥੇਬੰਦੀ ਨਾਲ ਜੁੜੀ ਹੈ। ਜਿਸ ਕਰਕੇ ਸਾਡੀ ਜੱਥੇਬੰਦੀ ਦੀ ਸ਼ਕਤੀ ਦੁੱਗਣੀ ਹੋਈ ਹੈ। ਲੱਖੋਵਾਲ ਯੂਨੀਅਨ ਦੇ ਕਈ ਜ਼ਿਲ੍ਹਿਆਂ ਦੇ ਨਿਰਾਸ਼ ਲੋਕ ਵੀ ਸਾਡੇ ਨਾਲ ਜੁੜਨ ਲਈ ਤਿਆਰ ਹਨ।