ਬਰਨਾਲਾ: ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋਏ ਭਗਵਾਨ ਸਿੰਘ ਭਾਨਾ ਸਿੱਧੂ 'ਤੇ ਬਰਨਾਲਾ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਇਹ ਮਾਮਲਾ ਗਰਮਾਉਂਦਾ ਨਜ਼ਰ ਆ ਰਿਹਾ ਹੈ। ਜਿਸ ਤਹਿਤ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ, ਸਮਾਜ ਸੇਵੀ ਲੱਖਾ ਸਿਧਾਣਾ ਅਤੇ ਭਾਨਾ ਸਿੱਧੂ ਦੇ ਸਮਰਥਕਾਂ ਨੇ ਇਸ ਦੇ ਹੱਕ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਭਾਨਾ ਸਿੱਧੂ ਦੇ ਅੱਜ ਪਿੰਡ ਕੋਟਦੁੰਨਾ ਵਿਖੇ ਵੱਡਾ ਇਕੱਠ ਕੀਤਾ ਗਿਆ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ।
'ਬਰਨਾਲਾ ਪੁਲਿਸ ਵੱਲੋਂ ਵੱਡੀ ਧੱਕੇਸ਼ਾਹੀ':- ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮੰਨਿਆ ਕਿ ਭਾਨਾ ਸਿੱਧੂ ਬੋਲਣ ਵਿੱਚ ਜਜ਼ਬਾਤੀ ਤੇ ਕਾਹਲਾ ਹੈ। ਕਦੇ-ਕਦੇ ਉਹ ਬਹੁਤ ਜ਼ਿਆਦਾ ਬੋਲਦਾ ਹੈ, ਪਰ ਉਸ ਦਾ ਮਤਲਬ ਅਜਿਹਾ ਨਹੀਂ ਹੈ ਕਿ ਉਸ ਨਾਲ ਇਸ ਤਰ੍ਹਾਂ ਦਾ ਧੱਕਾ ਕੀਤਾ ਜਾਵੇਗਾ। ਬਰਨਾਲਾ ਪੁਲਿਸ ਵਲੋਂ ਉਸ ਵਿਰੁੱਧ ਪਰਚਾ ਦਰਜ ਕਰਕੇ ਗ੍ਰਿਫ਼ਤਾਰ ਕਰਨਾ ਬਹੁਤ ਵੱਡੀ ਧੱਕੇਸ਼ਾਹੀ ਹੈ। ਉਹਨਾਂ ਕਿਹਾ ਕਿ ਜੇਕਰ ਮੇਰੇ ਪੁੱਤਰ ਦੇ ਸਮੇਂ ਪੁਲਿਸ ਵਾਲਿਆਂ ਨੇ ਅਜਿਹੀ ਮੁਸਤੈਦੀ ਦਿਖਾਈ ਹੁੰਦੀ ਤਾਂ ਸ਼ਾਇਦ ਅੱਜ ਉਸ ਦੇ ਦੋਸ਼ੀ ਫੜੇ ਗਏ ਹੁੰਦੇ। ਬਲਕੌਰ ਸਿੰਘ ਨੇ ਕਿਹਾ ਕਿ ਪੁਲਸ ਵੱਲੋਂ 4 ਦਿਨ ਦਾ ਰਿਮਾਂਡ ਲਿਆ ਜਾ ਰਿਹਾ ਹੈ, ਜੋ ਗਲਤ ਹੈ।
ਲੱਖਾ ਸਿੰਘ ਸਿਧਾਣਾ ਨੇ ਪੁਲਿਸ ਖ਼ਿਲਾਫ਼ ਕੱਢੀ ਭੜਾਸ:- ਇਸ ਮੌਕੇ ਲੱਖਾ ਸਿੰਘ ਸਿਧਾਣਾ ਨੇ ਭਾਨਾ ਸਿੱਧੂ ਦੇ ਹੱਕ ਵਿੱਚ ਬੋਲਦਿਆਂ ਕਿਹਾ ਕਿ ਜੇਕਰ ਉਹ ਕਸੂਰਵਾਰ ਸੀ ਤਾਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਮਝਾਇਆ ਜਾ ਸਕਦਾ ਸੀ। ਉਹਨਾਂ ਕਿਹਾ ਕਿ ਭਾਨਾ ਸਿੱਧੂ ਨੇ ਜਜ਼ਬਾਤੀ ਹੋ ਕੇ ਪੰਜਾਬ ਪੁਲਿਸ ਖ਼ਿਲਾਫ਼ ਆਪਣੀ ਭੜਾਸ ਕੱਢੀ ਹੈ, ਜਦਕਿ ਪੁਲਿਸ ਨੇ ਉਸ ਵਿਰੁੱਧ ਐਸ.ਸੀ ਐਸ.ਟੀ ਐਕਟ ਦੀਆਂ ਧਾਰਾਵਾਂ ਲਗਾ ਕੇ ਬਹੁਤ ਧੱਕਾ ਕੀਤਾ ਹੈ, ਜੋ ਕਿ ਬਹੁਤ ਨਿੰਦਣਯੋਗ ਹੈ। ਜਦਕਿ ਲੱਖਾ ਸਿੰਘ ਸਿਧਾਣਾ ਤੇ ਬਲਕੌਰ ਸਿੰਘ ਨੇ ਦੱਸਿਆ ਕਿ ਜੇਕਰ ਪੁਲਿਸ ਦਾ ਰਵੱਈਆ ਇਸੇ ਤਰ੍ਹਾਂ ਰਿਹਾ ਤਾਂ ਆਉਣ ਵਾਲੇ ਦਿਨਾਂ 'ਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।