ਬਰਨਾਲਾ: ਲੋਕ ਸਭਾ ਹਲਕਾ ਸੰਗਰੂਰ ਦੀਆਂ ਜ਼ਿਮਨੀ ਚੋਣ ਦੀਆਂ ਸਰਗਰਮੀਆਂ ਦਿਨੋਂ ਦਿਨ ਤੇਜ਼ ਹੁੰਦੀਆਂ ਜਾ ਰਹੀਆਂ ਹਨ ਅਤੇ ਹਰ ਉਮੀਦਵਾਰ ਵੱਲੋਂ ਸੰਗਰੂਰ ਦੀ ਲੋਕ ਸਭਾ ਸੀਟ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਵਿਧਾਨ ਸਭਾ ਹਲਕਾ ਰਾਮਪੁਰਾ ਤੋਂ ਆਜ਼ਾਦ ਚੋਣ ਲੜਨ ਵਾਲੇ ਲੱਖਾ ਸਿਧਾਣਾ ਸਿਮਰਨਜੀਤ ਸਿੰਘ ਮਾਨ ਦੀ ਖੁੱਲ੍ਹ ਕੇ ਹਮਾਇਤ ਕਰ ਰਹੇ ਹਨ। ਜਿਸ ਨੂੰ ਲੈ ਕੇ ਉਨ੍ਹਾਂ ਵੱਲੋਂ ਭਦੌੜ ਵਿਖੇ ਕੌੜਿਆਂ ਦੀ ਧਰਮਸ਼ਾਲਾ ਸਾਹਮਣੇ ਲੋਕਾਂ ਨੂੰ ਸੰਬੋਧਨ ਕਰਨ ਲਈ ਪਹੁੰਚੇ।
'ਆਮ ਆਦਮੀ ਪਾਰਟੀ ਆਰਐਸਐਸ ਦੀ ਬੀ ਟੀਮ': ਇਸ ਦੌਰਾਨ ਲੱਖਾ ਸਿਧਾਣਾ ਨੇ ਕਿਹਾ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਹੀ ਕਿਹਾ ਸੀ ਕਿ ਇਹ ਸਰਕਾਰ ਦਿੱਲੀ ਤੋਂ ਚੱਲੇਗੀ ਜੋ ਕਿ ਹੁਣ ਸੱਚ ਹੋ ਰਿਹਾ ਹੈ ਅਤੇ ਸਾਰੇ ਹੀ ਫ਼ੈਸਲੇ ਦਿੱਲੀ ਤੋਂ ਹੋ ਰਹੇ ਹਨ ਅਤੇ ਲਾਗੂ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਇਹ ਵੀ ਕਿਹਾ ਸੀ ਕਿ ਆਮ ਆਦਮੀ ਪਾਰਟੀ ਆਰਐੱਸਐੱਸ ਦੀ ਬੀ ਟੀਮ ਵਜੋਂ ਭਾਰਤ ਵਿੱਚ ਕੰਮ ਕਰ ਰਹੀ ਹੈ ਜਿਸ ਦੇ ਨਤੀਜੇ ਸਾਰਿਆਂ ਨੇ ਸਿਰਫ਼ ਤਿੰਨ ਮਹੀਨਿਆਂ ਵਿਚ ਹੀ ਭੁਗਤ ਚੁੱਕੇ ਹਾਂ ਅਤੇ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਵਾਅਦੇ ਕਰਕੇ ਆਈ ਸੀ ਉਨ੍ਹਾਂ ਸਾਰਿਆਂ ਤੋਂ ਭੱਜ ਰਹੀ ਹੈ।
'ਹਰ ਰੋਜ਼ ਚਿੱਟੇ ਕਾਰਨ ਹੋ ਰਹੀ ਨੌਜਵਾਨਾਂ ਦੀ ਮੌਤ': ਉਨ੍ਹਾਂ ਕਿਹਾ ਕਿ ਪਹਿਲਾ ਮੁੱਦਾ ਸਰਕਾਰ ਨੇ ਕੁਝ ਦਿਨਾਂ ਵਿੱਚ ਹੀ ਚਿੱਟਾ ਖਤਮ ਕਰਨ ਦੀ ਗੱਲ ਕਹੀ ਸੀ ਪਰ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਚਿੱਟਾ ਪਹਿਲਾਂ ਨਾਲੋਂ ਜ਼ਿਆਦਾ ਵਿਕ ਰਿਹਾ ਹੈ ਅਤੇ ਰੋਜ਼ਾਨਾ ਨੌਜਵਾਨ ਚਿੱਟੇ ਦਾ ਸੇਵਨ ਕਰ ਰਹੇ ਹਨ ਅਤੇ ਮੌਤ ਦੇ ਘਾਟ ਉਤਰ ਰਹੇ ਹਨ।
'ਪੰਜਾਬ ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਖਤਮ': ਉਨ੍ਹਾਂ ਅੱਗੇ ਕਿਹਾ ਕਿ ਜਦੋਂ ਤੋਂ ਭਗਵੰਤ ਮਾਨ ਦੀ ਸਰਕਾਰ ਬਣੀ ਹੈ ਉਸ ਸਮੇਂ ਤੋਂ ਹੀ ਲਾਅ ਐਂਡ ਆਰਡਰ ਦਾ ਵੀ ਜਨਾਜ਼ਾ ਨਿਕਲ ਚੁੱਕਿਆ ਹੈ ਅਤੇ ਉਨ੍ਹਾਂ ਨੇ ਮੂਸੇਵਾਲੇ ਵਰਗੇ ਵਿਸ਼ਵ ਪ੍ਰਸਿੱਧ ਗਾਇਕ ਵੀ ਗਵਾ ਚੁੱਕੇ ਹਾਂ ਜਿਨ੍ਹਾਂ ਦੇ ਕਾਤਲਾਂ ਤੱਕ ਪਹੁੰਚਣ ਲਈ ਪੁਲਿਸ ਅਤੇ ਸਰਕਾਰ ਹੁਣ ਤੱਕ ਨਾਕਾਮ ਨਜ਼ਰ ਆ ਰਹੀ ਹੈ।
'ਤਿੰਨ ਮਹੀਨਿਆਂ ਚ ਫੇਲ੍ਹ ਆਮ ਆਦਮੀ ਪਾਰਟੀ': ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵੱਲੋਂ ਵੋਟਾਂ ਤੋਂ ਪਹਿਲਾਂ ਇਹ ਵੀ ਵਾਅਦਾ ਕੀਤਾ ਗਿਆ ਸੀ ਕਿ ਆਉਣ ਵਾਲੀ ਕਿਸੇ ਵੀ ਚੋਣ ਵਿੱਚ ਉਹ ਆਪਣੇ ਵਿਕਾਸ ਦੇ ਮੁੱਦਿਆਂ ’ਤੇ ਵੋਟਾਂ ਮੰਗਣਗੇ ਅਤੇ ਜੇਕਰ ਉਨ੍ਹਾਂ ਦੇ ਕੰਮ ਤੁਹਾਨੂੰ ਪਸੰਦ ਆਉਣਗੇ ਤਾਂ ਵੋਟਾਂ ਪਾ ਦਿਓ ਨਹੀਂ ਤਾਂ ਨਾ ਪਾਇਓ ਪਰ ਹੁਣ ਭਗਵੰਤ ਮਾਨ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਲਈ ਹੀ ਇਕੱਲੇ ਭਦੌੜ ਵਾਸਤੇ ਤਕਰੀਬਨ ਛੇ ਵਿਧਾਇਕ ਵੋਟਾਂ ਮੰਗਣ ਲਗਾਏ ਗਏ ਹਨ ਜਿਸ ਤੋਂ ਸਾਫ ਹੁੰਦਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਤਿੰਨ ਮਹੀਨਿਆਂ ਵਿੱਚ ਹੀ ਫੇਲ੍ਹ ਹੋ ਚੁੱਕੀ ਹੈ।
'ਕਿਸੇ ਨੇ ਵੀ ਨਹੀਂ ਲਈ ਪੰਜਾਬ ਦੀ ਸਾਰ': ਲੱਖ ਸਿਧਾਣਾ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਬਣਨ ਤੋਂ ਬਾਅਦ ਜੋ ਵੀ ਰਾਜ ਸਭਾ ਦੇ ਮੈਂਬਰ ਬਣਾਏ ਗਏ ਹਨ ਉਹ ਤਕਰੀਬਨ ਸਾਰੇ ਹੀ ਭਾਜਪਾ ਨਾਲ ਸਬੰਧਤ ਹਨ ਜਿਸ ਕਰਕੇ ਹੁਣ ਸਾਰਿਆਂ ਨੂੰ ਸਮਝ ਜਾਣਾ ਚਾਹੀਦਾ ਹੈ ਅਤੇ ਅਸੀਂ ਇਨ੍ਹਾਂ ਸਾਰੀਆਂ ਪਾਰਟੀਆਂ ਨੂੰ ਅਜ਼ਮਾ ਕੇ ਦੇਖ ਚੁੱਕੇ ਹਾਂ ਕਿਸੇ ਨੇ ਵੀ ਪੰਜਾਬ ਦੀ ਸਾਰ ਨਹੀਂ ਲਈ।
ਲੋਕਾਂ ਨੂੰ ਕੀਤੀ ਅਪੀਲ: ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਲੋਕਾਂ ਨੂੰ ਸਿਮਰਨਜੀਤ ਸਿੰਘ ਮਾਨ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਹ ਤਕਰੀਬਨ ਹਰ ਪਿੰਡ ਅਤੇ ਮੁਹੱਲੇ ਵਿਚ ਜਾ ਰਹੇ ਹਨ ਜਿੱਥੇ ਉਨ੍ਹਾਂ ਨੂੰ ਸਿਮਰਨਜੀਤ ਸਿੰਘ ਮਾਨ ਨੂੰ ਸਮਰਥਨ ਦੇਣ ਲਈ ਲੋਕਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ ਅਤੇ ਹੁਣ ਸਿਮਰਨਜੀਤ ਸਿੰਘ ਮਾਨ ਹੀ ਲੋਕ ਸਭਾ ਹਲਕਾ ਸੰਗਰੂਰ ਦੀ ਚੋਣ ਤੋਂ ਜਿੱਤ ਕੇ ਪੰਜਾਬ ਦੇ ਮੁੱਦਿਆਂ ਦੀ ਆਵਾਜ਼ ਸੰਸਦ ਤੱਕ ਪਹੁੰਚਾਉਣਗੇ।
ਇਹ ਵੀ ਪੜੋ: ਸੰਗਰੂਰ ਜ਼ਿਮਣੀ ਚੋਣ: ਮੂਸੇਵਾਲਾ ਦੇ ਨਾਂ ’ਤੇ ਚੋਣ ਲੜੇਗੀ ਕਾਂਗਰਸ ਪਾਰਟੀ, ਗੀਤ ਕੀਤਾ ਜਾਰੀ