ਬਰਨਾਲਾ: ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਕ੍ਰਿਸ਼ਨਾ ਚੈਰੀਟੇਬਲ ਲੈਬ ਜ਼ਿਲ੍ਹਾ ਬਰਨਾਲਾ ਵਾਸੀਆਂ ਨੂੰ ਸਮਰਪਿਤ ਕੀਤੀ। ਜਿੱਥੇ ਬਹੁਤ ਘੱਟ ਰੇਟਾਂ ਉੱਤੇ ਸੀ. ਟੀ. ਸਕੈਨ ਅਤੇ ਹੋਰ ਡਾਕਟਰੀ ਟੈਸਟ ਸ਼ੁਰੂ ਕੀਤੇ ਗਏ ਹਨ। ਸਰਕਾਰੀ ਹਸਪਤਾਲ ਵਿੱਚ ਖੋਲ੍ਹੀ ਇਸ ਲੈਬ ਵਿੱਚ ਸਿਟੀ ਸਕੈਨ ਅਤੇ ਐਮਆਰਆਈ ਵਰਗੇ ਟੈਸਟ ਹੋ ਸਕਣਗੇ।
'ਬਰਨਾਲਾ ਦੇ ਲੋਕਾਂ ਨੂੰ ਸਰਕਾਰੀ ਹਸਪਤਾਲ ਵਿੱਚ ਦਿੱਤੀ ਗਈ ਵੱਡੀ ਸਿਹਤ ਸਹੂਲਤ': ਇਸ ਮੌਕੇ ਗੱਲਬਾਤ ਕਰਦਿਆਂ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਬਰਨਾਲਾ ਦੇ ਲੋਕਾਂ ਨੂੰ ਸਰਕਾਰੀ ਹਸਪਤਾਲ ਵਿੱਚ ਵੱਡੀ ਸਿਹਤ ਸਹੂਲਤ ਦਿੱਤੀ ਗਈ ਹੈ। ਹਸਪਤਾਲ ਵਿੱਚ ਸ਼ੁਰੂ ਕੀਤੀ ਜਾ ਰਹੀ ਕ੍ਰਿਸ਼ਨਾ ਲੈਬ ਵਿੱਚ 200 ਅਲੱਗ ਅਲੱਗ ਪ੍ਰਕਾਰ ਦੇ ਟੈਸਟ ਕੀਤੇ ਜਾਣਗੇ।
'ਸਿਟੀ ਸਕੈਨ ਵਰਗੇ ਹਜਾਰਾਂ ਰੁਪਏ ਦੇ ਮਹਿੰਗੇ ਟੈਸਟ ਹੋਣਗੇ 5 ਗੁਣਾ ਘੱਟ ਰੇਟ ਤੇ': ਇਸ ਲੈਬ ਵਿੱਚ ਐਮਆਰਆਈ, ਸਿਟੀ ਸਕੈਨ ਵਰਗੇ ਹਜਾਰਾਂ ਰੁਪਏ ਦੇ ਮਹਿੰਗੇ ਟੈਸਟ 5 ਗੁਣਾ ਘੱਟ ਰੇਟ ਤੇ ਹੋਣਗੇ। ਉਹਨਾਂ ਕਿਹਾ ਕਿ 24 ਘੰਟੇ ਇਹ ਲੈਬ ਆਪਣੀਆਂ ਸੇਵਾਵਾਂ ਦੇਵੇਗੀ। ਜਿਸ ਕਰਕੇ ਆਮ ਲੋਕਾਂ ਨੂੰ ਇਸਦਾ ਵੱਡਾ ਲਾਭ ਹੋਵੇਗਾ। ਉਹਨਾਂ ਕਿਹਾ ਕਿ ਸਾਡੀ ਸਰਕਾਰ ਦੇ ਮੁੱਖ ਮੁੱਦੇ ਤੇ ਸਿਹਤ ਸਹੂਲਤਾਂ ਹਨ। ਜਿਸ ਤਹਿਤ ਸਰਕਾਰੀ ਹਸਪਤਾਲਾਂ ਵਿੱਚ ਸੁਵਿਧਾਵਾਂ ਵੀ ਦਿੱਤੀਆਂ ਜਾਣਗੀਆਂ ਅਤੇ ਪੰਜਾਬ ਭਰ ਵਿੱਚ ਨਵੇਂ ਮੈਡੀਕਲ ਕਾਲਜ ਅਤੇ ਮੁਹੱਲਾ ਕਲੀਨਲ ਖੋਲ੍ਹੇ ਜਾ ਰਹੇ ਹਨ। ਇਸ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਵਿੱਚ ਦਿੱਤੀਆਂ ਜਾਣਗੀਆਂ।
ਉਥੇ ਇਸ ਮੌਕੇ ਸੀਐਮਓ ਜਸਵੀਰ ਸਿੰਘ ਔਲਖ ਨੇ ਕਿਹਾ ਕਿ ਅੱਜ ਸਰਕਾਰੀ ਹਸਪਤਾਲ ਬਰਨਾਲਾ ਵਿੱਚ ਸਿਟੀ ਸਕੈਨ ਦੀ ਸਹੂਲਤ ਦੀ ਸ਼ੁਰੂਆਤ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਕ੍ਰਿਸ਼ਨਾ ਲੈਬ ਵਿੱਚ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ ਪਹਿਲਾਂ ਹੀ 50 ਤਰ੍ਹਾਂ ਦੇ ਟੈਸਟ ਮੁਫ਼ਤ ਹੋ ਰਹੇ ਹਨ, ਜਦਕਿ ਇਸ ਲੈਬ ਵਿੱਚ 5 ਫੀਸਦੀ ਘੱਟ ਰੇਟ ਤੇ ਬਾਕੀ ਵੱਡੇ ਟੈਸਟ ਹੋਇਆ ਕਰਨਗੇ।
ਇਹ ਵੀ ਪੜ੍ਹੋ: Schools of Eminence ਦੀ ਸ਼ੁਰੂਆਤ, ਸੀਐਮ ਮਾਨ ਕਰ ਰਹੇ ਆਗਾਜ਼