ਬਰਨਾਲਾ: ਅੱਜ ਭਾਂਵੇਂ ਪੂਰੇ ਦੇਸ਼ ਵਿੱਚ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਕਰੋੜਾਂ ਰੁਪਏ ਦੇ ਅਨੇਕਾਂ ਵੱਡੇ ਸਮਾਗਮਾਂ ਕਰਵਾਏ ਜਾਣਗੇ ਪਰ ਇਨ੍ਹਾਂ ਅਹਿਮ ਸਮਾਗਮਾਂ ਮੌਕੇ ਵੀ ਕਈ ਅਹਿਮ ਸਖ਼ਸੀਅਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਰਕਾਰਾਂ ਅਤੇ ਪ੍ਰਸ਼ਾਸ਼ਨ ਵਲੋਂ ਅਣਗੌਲਿਆਂ ਕੀਤਾ ਜਾਂਦਾ ਹੈ। ਜਿਨ੍ਹਾਂ ਵਿੱਚੋਂ ਇੱਕ ਨਾਮ ਕੈਪਟਨ ਕਰਮ ਸਿੰਘ ਮੱਲ੍ਹੀ ਦਾ ਹੈ।
ਕੈਪਟਨ ਕਰਮ ਸਿੰਘ ਜਿਉਂਦੇ ਜੀਅ ਭਾਰਤ ਦੇ ਪਹਿਲੇ 'ਪਰਮਵੀਰ ਚੱਕਰ' ਨਾਲ ਸਨਮਾਨਿਤ ਕੀਤੇ ਜਾਣ ਵਾਲੇ ਫ਼ੌਜੀ ਜਵਾਨ ਹਨ ਪਰ ਉਨ੍ਹਾਂ ਨੂੰ ਸਰਕਾਰਾਂ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਬਿਲਕੁਲ ਭੁਲਾ ਦਿੱਤਾ ਗਿਆ ਹੈ।
ਕਰਮ ਸਿੰਘ ਮੱਲ੍ਹੀ ਦੇ ਬੇਟੇ ਹਰਜੀਤ ਸਿੰਘ ਨੇ ਦੱਸਿਆ ਕਿ ਸੰਨ 1948 ਵਿੱਚ ਪਾਕਿਸਤਾਨ ਨਾਲ 'ਟੈਥਵਾਲ ਆਪ੍ਰੇਸ਼ਨ' ਦੌਰਾਨ ਕੈਪਟਨ ਕਰਮ ਸਿੰਘ ਨੇ ਫ਼ੌਜ ਦੀ ਅਗਵਾਈ ਕੀਤੀ। ਇਸ ਲੜਾਈ ਵਿੱਚ ਉਹ ਇਕੱਲੇ ਜਿਉਂਦੇ ਰਹੇ ਸਨ ਅਤੇ ਉਹਨਾਂ ਦੇ 15-16 ਦੇ ਕਰੀਬ ਗੋਲੀਆਂ ਵੀ ਲੱਗੀਆਂ ਸਨ। ਉਨ੍ਹਾਂ ਵਲੋਂ ਇਹ ਅ੍ਰਪੇਸ਼ਨ ਆਪਣੇ ਦਮ 'ਤੇ ਫ਼ਤਹਿ ਕੀਤਾ ਗਿਆ ਸੀ, ਜਿਸਤੋਂ ਬਾਅਦ ਉਨ੍ਹਾਂ ਦੀ ਬਹਾਦਰੀ ਨੂੰ ਦੇਖ਼ਦੇ ਹੋਏ ਭਾਰਤ ਸਰਕਾਰ ਵਲੋਂ 'ਪਰਮਵੀਰ ਚੱਕਰ' ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਸੀ।
ਕਰਮ ਸਿੰਘ ਮੱਲ੍ਹੀ ਨੂੰ ਭਾਰਤ ਦੇ ਪਹਿਲੇ ਰਾਸ਼ਟਰਪਤੀ ਰਾਜਿੰਦਰ ਪ੍ਰਸ਼ਾਦ ਵਲੋਂ 26 ਜਨਵਰੀ 1951 ਵਿੱਚ 'ਪਰਮਵੀਰ ਚੱਕਰ' ਨਾਲ ਸਨਮਾਨਿਤ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਕੈਪਟਨ ਕਰਮ ਸਿੰਘ 1969 ਵਿੱਚ ਫ਼ੌਜ ਵਿੱਚੋਂ ਸੇਵਾਮੁਕਤ ਹੋਏ ਅਤੇ 1993 ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਬਰਨਾਲਾ ਜ਼ਿਲ੍ਹੇ ਵਿੱਚ ਉਹ ਇਕੱਲੇ ਪਰਮਵੀਰ ਚੱਕਰ ਜੇਤੂ ਹਨ ਪਰ ਉਨ੍ਹਾਂ ਦੀ ਜ਼ਿਲ੍ਹੇ ਵਿੱਚ ਇੱਕ ਵੀ ਯਾਦਗਾਰ ਨਹੀਂ ਬਣ ਸਕੀ।
ਹੁਣ ਤੱਕ ਸਰਕਾਰਾਂ ਵਲੋਂ ਕੋਈ ਬਹੁਤਾ ਲਾਭ ਪਰਿਵਾਰ ਨੂੰ ਨਹੀਂ ਦਿੱਤਾ ਗਿਆ ਅਤੇ ਨਾ ਹੀ ਉਨ੍ਹਾਂ ਦੀ ਯਾਦਗਾਰ ਲਈ ਕੋਈ ਉਪਰਾਲਾ ਕੀਤਾ ਗਿਆ ਹੈ। ਸੰਨ 1977 ਵਿੱਚ ਪੰਜਾਬ ਸਰਕਾਰ ਵਲੋਂ ਪਰਿਵਾਰ ਨੂੰ ਸਿਰਫ਼ 1 ਲੱਖ ਰੁਪਾਇਆ ਦਿੱਤਾ ਗਿਆ ਸੀ, ਜਦੋਂਕਿ ਹੋਰ ਪਰਮਵੀਰ ਚੱਕਰ ਵਿਜੇਤਾ ਪਰਿਵਾਰਾਂ ਨੂੰ 15 ਏਕੜ ਜ਼ਮੀਨ ਦਿੱਤੀ ਗਈ ਸੀ। ਕੈਪਟਨ ਸਾਹਿਬ ਦੇ 3 ਪੋਤੇ ਹਨ ਪਰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਸਰਕਾਰੀ ਨੌਕਰੀ ਨਹੀਂ ਦਿੱਤੀ ਜਾ ਰਹੀ।
ਉਨ੍ਹਾਂ ਦੇ ਪਿਤਾ ਦੀ ਯਾਦ ਵਿੱਚ ਸੰਗਰੂਰ ਵਿੱਚ ਇੱਕ ਬੁੱਤ ਸਥਾਪਤ ਕੀਤਾ ਗਿਆ ਸੀ ਪਰ ਬਰਨਾਲਾ ਜ਼ਿਲ੍ਹਾ ਬਣੇ ਨੂੰ ਕਰੀਬ 14 ਬੀਤ ਗਏ ਹਨ, ਪਰ ਹੁਣ ਤੱਕ ਕੋਈ ਯਾਦਗਾਰ ਨਹੀਂ ਬਣਾਈ ਗਈ, ਜਿਸ ਕਰਕੇ ਜ਼ਿਲ੍ਹੇ ਦੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਕੈਪਟਨ ਕਰਮ ਸਿੰਘ ਕੌਣ ਸਨ? ਪਿੰਡ ਵਿੱਚ ਇੱਕ ਬੱਸ ਅੱਡਾ ਉਨ੍ਹਾਂ ਦੀ ਯਾਦ 'ਚ ਬਣਿਆ ਹੋਇਆ ਸੀ, ਉਹ ਵੀ ਨਵਾਂ ਚਾਰ ਮਾਰਗੀ ਹਾਈਵੇ ਬਨਣ ਕਾਰਨ ਢਾਹ ਦਿੱਤਾ ਗਿਆ। ਹੁਣ ਬੱਸ ਅੱਡੇ 'ਤੇ ਇੱਕ ਪੱਟੀ ਉਨ੍ਹਾਂ ਦੇ ਨਾਮ ਦੀ ਲਾ ਕੇ ਬੁੱਤਾ ਸਾਰ ਦਿੱਤਾ ਗਿਆ ਹੈ। ਕਦੇ ਵੀ ਕੋਈ 15 ਅਗਸਤ ਜਾਂ 26 ਜਨਵਰੀ ਸਮਾਗਮ ਮੌਕੇ ਪਰਿਵਾਰ ਨੂੰ ਬੁਲਾਇਆ ਨਹੀਂ ਜਾਂਦਾ।
ਇਹ ਵੀ ਪੜੋ: ਗਣਤੰਤਰ ਦਿਵਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਦਿੱਤੀ ਵਧਾਈ
ਜ਼ਿਲ੍ਹੇ ਭਰ ਵਿੱਚ ਕਰਮ ਸਿੰਘ ਦੀ ਕੋਈ ਯਾਦਗਾਰ ਨਾ ਹੋਣ ਕਾਰਨ ਲੋਕ ਉਹਨਾਂ ਬਾਰੇ ਅਣਜਾਣ ਹਨ, ਜਿਸ ਲਈ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਮਹਾਨ ਸੂਰਬੀਰ ਵੱਲ ਧਿਆਨ ਦੇ ਕੇ ਉਹਨਾਂ ਦੀ ਯਾਦਗਾਰ ਬਨਾਉਣ ਦੀ ਲੋੜ ਹੈ। ਤਾਂ ਕਿ ਜ਼ਿਲ੍ਹਾ ਨਿਵਾਸੀ ਕੈਪਟਨ ਕਰਮ ਸਿੰਘ ਅਤੇ ਉਹਨਾਂ ਦੀ ਬਹਾਦਰੀ ਬਾਰੇ ਜਾਣ ਸਕਣ।