ਬਰਨਾਲਾ: ਆਈਲੈਟਸ ਤੇ ਇਮੀਗ੍ਰੇਸ਼ਨ ਨਾਲ ਸਬੰਧਤ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਕੇਂਦਰ ਸਰਕਾਰ ਵੱਲੋਂ ਕੋਚਿੰਗ ਸੈਂਟਰ ਖੋਲ੍ਹਣ ਦੀ ਇਜਾਜ਼ਤ ਮਿਲਣ ਉੱਤੇ ਬਰਨਾਲਾ ਵਿਖੇ ਮਾਲਵਾ ਪੱਧਰੀ ਪ੍ਰੈੱਸ ਕਾਨਫਰੰਸ ਕੀਤੀ। ਇਸ ਕਾਨਫਰੰਸ ਵਿੱਚ ਉਨ੍ਹਾਂ ਨੇ ਕੇਂਦਰ ਤੇ ਸੂਬਾ ਸਰਕਾਰ ਦਾ ਧੰਨਵਾਦ ਕੀਤਾ।
ਆਈਲੈਟਸ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਛੇ ਮਹੀਨਿਆਂ ਤੋਂ ਬੰਦ ਪਏ ਆਈਲੈਟਸ ਸੈਂਟਰਾਂ ਨੂੰ ਖੋਲ੍ਹਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਹ ਨੋਟੀਫਿਕੇਸ਼ਨ ਕੇਂਦਰ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਕੇਂਦਰ ਦੀ ਮਨਜ਼ੂਰੀ ਤੋਂ ਬਾਅਦ ਆਈਲੈਟਸ ਸੈਂਟਰ ਖੋਲ੍ਹਣ ਲਈ ਕਿਹਾ ਸੀ। ਸਰਕਾਰ ਵੱਲੋਂ ਜਾਰੀ ਕੀਤੀਆਂ ਗਾਈਡਲਾਈਨਜ਼ ਅਤੇ ਨੋਟੀਫਿਕੇਸ਼ਨ ਦੇ ਆਧਾਰ ਉੱਤੇ ਉਨ੍ਹਾਂ ਵੱਲੋਂ ਆਈਲੈਟਸ ਸੈਂਟਰ ਖੋਲ੍ਹੇ ਜਾ ਰਹੇ ਹਨ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਲੱਗੇ ਲੌਕਡਾਊਨ 'ਚ ਸਭ ਤੋਂ ਵੱਧ ਨੁਕਸਾਨ ਆਈਲੈਟਸ ਸੈਂਟਰਾਂ ਨੂੰ ਹੋਇਆ ਹੈ ਬਾਕੀ ਹੋਰ ਅਦਾਰਿਆਂ ਨੂੰ ਤਾਂ ਸਰਕਾਰ ਨੇ ਕਿਸੇ ਨਾ ਕਿਸੇ ਤਰੀਕੇ ਰਾਹਤ ਦਿੱਤੀ ਹੈ। ਸਕੂਲਾਂ, ਕਾਲਜਾਂ ਵੱਲੋਂ ਵੀ ਆਨਲਾਈਨ ਪੜ੍ਹਾਈ ਕਰਵਾ ਕੇ ਫੀਸਾਂ ਲਈਆਂ ਜਾ ਰਹੀਆਂ ਹਨ ਪਰ ਆਈਲੈਟਸ ਸੈਂਟਰਾਂ ਦੀ ਆਨਲਾਈਨ ਕੋਚਿੰਗ ਦਾ ਪ੍ਰੀਖਣ ਸਫਲ ਨਹੀਂ ਰਿਹਾ ਜਿਸ ਕਰਕੇ ਕੋਰੋਨਾ ਦੌਰਾਨ ਉਨ੍ਹਾਂ ਨੂੰ ਕਿਰਾਏ ਸਮੇਤ ਹੋਰ ਕਈ ਤਰ੍ਹਾਂ ਦੇ ਟੈਕਸ ਭਰਨੇ ਪਏ।

ਉਨ੍ਹਾਂ ਦੱਸਿਆ ਕਿ ਆਈਲੈਟਸ ਇੰਡਸਟਰੀ ਨਾਲ ਪੰਜਾਬ ਵਿੱਚੋਂ ਲਗਪਗ 10 ਲੱਖ ਲੋਕਾਂ ਦਾ ਰੁਜ਼ਗਾਰ ਜੁੜਿਆ ਹੋਇਆ ਹੈ ਪਰ 6 ਮਹੀਨਿਆਂ ਤੋਂ ਸੈਂਟਰ ਦੇ ਬੰਦ ਰਹਿਣ ਕਾਰਨ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਨੂੰ ਲੈ ਕੇ ਆਈਲੈਟਸ ਸੈਂਟਰ ਵਿੱਚ ਸਰਕਾਰ ਵੱਲੋਂ ਜਾਰੀ ਕੀਤੀਆਂ ਗਾਈਡਲਾਈਨਜ਼ ਅਨੁਸਾਰ ਹਰ ਤਰ੍ਹਾਂ ਸੈਨੇਟਾਈਜ਼ਰ, ਮਾਸਕ, ਸੋਸ਼ਲ ਡਿਸਟੈਂਸ ਅਤੇ ਕੋਰੋਨਾ ਟੈਸਸਿੰਗ ਦਾ ਧਿਆਨ ਰੱਖਿਆ ਜਾਵੇਗਾ।