ਬਰਨਾਲਾ: ਜਿੱਥੇ ਅੱਜ ਪੰਜਾਬ ਵਿੱਚ ਧਰਮਾਂ ਦੇ ਨਾਮ 'ਤੇ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਜਾ ਰਹੀ ਹੈ, ਉੱਤੇ ਹੀ, ਬਰਨਾਲਾ ਜ਼ਿਲ੍ਹੇ ਦੇ ਕਸਬਾ ਭਦੌੜ ਵਿੱਚ ਏਕਤਾ ਦੀ ਮਿਸਾਲ ਵੇਖਣ ਨੂੰ ਮਿਲੀ ਹੈ। ਇਥੇ ਇੱਕ ਮੁਸਲਿਮ ਭਾਈਚਾਰੇ ਦੇ ਬਜ਼ੁਰਗ ਦਾ ਭੋਗ ਪਾਉਣ ਲਈ ਜਗ੍ਹਾ ਹਿੰਦੂ ਭਾਈਚਾਰੇ ਦੇ ਲੋਕਾਂ ਵੱਲੋਂ ਮੁਹੱਈਆ ਕਰਵਾਈ ਗਈ ਅਤੇ ਭੋਗ ਦੌਰਾਨ ਸਿੱਖ ਧਰਮ ਦੇ ਕੀਰਤਨੀਏ ਜੱਥਿਆਂ ਵਲੋਂ ਭੋਗ ਉਪਰੰਤ ਗੁਰਬਾਣੀ ਦਾ ਕੀਰਤਨ ਕੀਤਾ ਗਿਆ।
ਧਰਮ ਨਿਰਪੱਖ ਹੋਏ ਪ੍ਰੋਗਰਾਮ ਦੀ ਚਰਚਾ: ਮਿਹਰਦੀਨ ਜੋ ਕਿ ਮੁਸਲਿਮ ਭਾਈਚਾਰੇ ਨਾਲ ਸਬੰਧਤ ਹੈ, ਪਿਛਲੇ ਦਿਨੀਂ ਉਸ ਦਾ ਦੇਹਾਂਤ ਹੋ ਗਿਆ ਸੀ। ਲੰਘੇ ਸ਼ੁਕਰਵਾਰ ਨੂੰ ਉਨ੍ਹਾਂ ਦੇ ਹੱਕ ਵਿੱਚ ਹੋਣ ਵਾਲੀ ਦੁਆ (ਕੁਰਾਨ ਸ਼ਰੀਫ ਦਾ ਖ਼ਤਮ) (ਸ਼ਰਧਾਂਜਲੀ ਸਮਾਗਮ) ਹਿੰਦੂ ਧਰਮ ਨਾਲ ਸਬੰਧਤ ਵਿਧਾਤਾ ਰੋਡ 'ਤੇ ਗਿਆਰਾਂ ਰੁਦਰ ਸ਼ਿਵ ਮੰਦਰ ਪੱਥਰਾਂ ਵਾਲੀ ਦੇ ਸ਼ਾਂਤੀ ਹਾਲ ਵਿੱਚ ਹੋਇਆ ਅਤੇ ਇਸ ਸ਼ਰਧਾਂਜਲੀ ਸਮਾਗਮ ਵਿੱਚ ਰਸਮਾਂ ਮੌਲਵੀ ਮੀਆਂ ਅਕਰਮ ਜੀ ਵੱਲੋਂ ਪੂਰੀਆਂ ਕੀਤੀਆਂ ਗਈਆਂ, ਜਦਕਿ ਇਸ ਸਮਾਗਮ ਵਿਚ ਗੁਰਬਾਣੀ ਦਾ ਕੀਰਤਨ ਰਾਗੀ ਜਥਾ ਬਲਵੀਰ ਸਿੰਘ ਧੂਰਕੋਟ ਵਾਲਿਆਂ ਨੇ ਕੀਤਾ। ਇਸ ਧਰਮ ਨਿਰਪੱਖ ਹੋਏ ਪ੍ਰੋਗਰਾਮ ਦੀ ਚਹੁੰ ਪਾਸੇ ਚਰਚਾ ਹੈ ਅਤੇ ਹਰ ਕੋਈ ਇਸ ਦੀ ਤਾਰੀਫ ਕਰ ਰਿਹਾ ਹੈ, ਜੋ ਕਿ ਆਮ ਲੋਕਾਂ ਨੂੰ ਧਰਮ ਨੂੰ ਮੰਨਦਿਆਂ ਵੀ ਏਕਤਾ ਰੱਖਣ ਦਾ ਸੁਨੇਹਾ ਦੇ ਗਿਆ।
ਮਿਹਰਦੀਨ ਦਾ ਕੁਝ ਦਿਨ ਪਹਿਲਾਂ ਹੋਇਆ ਸੀ ਦੇਹਾਂਤ: ਇਸ ਮੌਕੇ ਮੌਜੂਦ ਉੱਘੇ ਸਮਾਜ ਸੇਵੀ ਪਰਮਜੀਤ ਸਿੰਘ ਤਲਵਾੜ ਨੇ ਇਸ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਾਣਾ ਇਸ ਦੁਨੀਆਂ ਤੋਂ ਸਭ ਨੇ ਹੁੰਦਾ ਹੈ, ਪਰ ਕੁਝ ਲੋਕ ਇਸ ਦੁਨੀਆਂ ਤੋਂ ਆਪਣੇ ਜਾਣ ਦਾ ਸਮਾਂ ਯਾਦਗਾਰੀ ਬਣਾ ਜਾਂਦੇ ਹਨ। ਪੂਰੀ ਦੁਨੀਆ ਲਈ ਇਕ ਮਿਸਾਲ ਕਾਇਮ ਕਰ ਜਾਂਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਭਦੌੜ ਦੇ ਨਿਵਾਸੀ ਮਿੱਠੂ, ਖਾਂ ਕਾਲਾ ਖਾਂ ਅਤੇ ਲੈਕਚਰਾਰ ਨੀਲੂ ਖਾਨ ਦੇ ਪਿਤਾ ਮਿਹਰਦੀਨ ਲੰਘੀ 2 ਤਾਰੀਖ ਦਿਨ ਮੰਗਲਵਾਰ ਨੂੰ ਆਪਣੀ ਸਵਾਸਾਂ ਰੂਪੀ ਪੂੰਜੀ ਭੋਗਦੇ ਹੋਏ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ ਅਤੇ ਉਨ੍ਹਾਂ ਦੀ ਅੰਤਿਮ ਅਰਦਾਸ ਜਿਸ ਨੂੰ ਕਿ ਮੁਸਲਿਮ ਧਰਮ ਵਿੱਚ ਉਨ੍ਹਾਂ ਦੇ ਹੱਕ ਵਿੱਚ ਹੋਣ ਵਾਲੀ ਦੁਆ (ਕੁਰਾਨ ਸ਼ਰੀਫ ਦਾ ਖ਼ਤਮ) ਕਹਿੰਦੇ ਹਨ, 10 ਨਵੰਬਰ ਦਿਨ ਵੀਰਵਾਰ ਨੂੰ ਕਰਨੀ ਸੀ ਜਿਸ ਲਈ ਇਸ ਪ੍ਰੋਗਰਾਮ ਲਈ ਸਾਡੇ ਹਿੰਦੂ ਧਰਮ ਨਾਲ ਸਬੰਧਤ ਪਤਵੰਤਿਆਂ ਨੇ ਗਿਆਰਾਂ ਰੁਦਰ ਸ਼ਿਵ ਮੰਦਰ ਸ੍ਰੀ ਪੱਥਰਾਂ ਵਾਲਾ ਦੇ ਸ਼ਾਂਤੀ ਹਾਲ ਮੁਹੱਈਆ ਕਰਵਾਇਆ ਅਤੇ ਇਸ ਭੋਗ ਦੌਰਾਨ ਪ੍ਰਸਿੱਧ ਰਾਗੀ ਜਥਾ ਬਲਵੀਰ ਸਿੰਘ ਧੂਰਕੋਟ ਵਾਲਿਆਂ ਨੇ ਭੋਗ ਉਪਰੰਤ ਆਈਆਂ ਹੋਈਆਂ ਸੰਗਤਾਂ ਨੂੰ ਪਵਿੱਤਰ ਗੁਰਬਾਣੀ ਦੀਆਂ ਤੁਕਾਂ ਸੁਣਾਈਆਂ ਗਈਆਂ।
ਭਾਈਚਾਰਕ ਸਾਂਝ ਦੀ ਮਿਸਾਲ: ਮਿਹਰਦੀਨ ਦੀਆਂ ਅੰਤਮ ਰਸਮਾਂ ਮੌਲਵੀ ਮੀਆਂ ਅਕਰਮ ਦੁਆਰਾ ਪਰਿਵਾਰ ਤੋਂ ਪੂਰੀਆਂ ਕਰਵਾਈਆਂ ਗਈਆਂ। ਉਨ੍ਹਾਂ ਕਿਹਾ ਕਿ ਇਸ ਮੁਸਲਿਮ ਭਾਈਚਾਰੇ ਦੇ ਪ੍ਰੋਗਰਾਮ ਸਬੰਧੀ ਹਿੰਦੂ ਧਰਮ ਅਤੇ ਸਿੱਖ ਧਰਮ ਵੱਲੋਂ ਦਿੱਤੇ ਯੋਗਦਾਨ ਦੀ ਪੂਰੇ ਇਲਾਕੇ ਵਿੱਚ ਚਰਚਾ ਹੈ। ਹਰ ਭਾਰਤੀ ਨੂੰ ਧਰਮ ਨੂੰ ਮੰਨਦਿਆਂ ਹਰ ਧਰਮ ਦਾ ਸਤਿਕਾਰ ਕਰਨ ਅਤੇ ਆਪਸੀ ਭਾਈਚਾਰਕ ਸਾਂਝ ਰੱਖਦਿਆਂ ਤਾਲਮੇਲ ਰਖਦਿਆਂ ਦੇਸ਼ ਦੀ ਅਖੰਡਤਾ ਅਤੇ ਏਕਤਾ ਲਈ ਕੰਮ ਕਰਨ ਲਈ ਪ੍ਰੇਰਦਾ ਹੈ।
ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਧਰਮਾਂ ਦੇ ਨਾਮ ਤੇ ਝਗੜੇ ਅਤੇ ਨਫ਼ਰਤ ਕਰਨ ਨਾਲੋਂ ਹਰ ਨਾਗਰਿਕ ਨੂੰ ਇਨਸਾਨ ਮੰਨਦਿਆਂ ਉਸ ਦੇ ਨਾਲ ਪ੍ਰੇਮ ਕਰੋ ਅਤੇ ਆਪਸੀ ਭਾਈਚਾਰਾ ਬਣਾ ਕੇ ਰੱਖੋ ਤਾਂ ਜੋ ਧਰਮਾਂ ਦੇ ਨਾਮ 'ਤੇ ਹੋਣ ਵਾਲੇ ਝਗੜਿਆਂ ਵਿਚ ਕਿਸੇ ਦੀ ਵੀ ਕੀਮਤੀ ਜਾਨ ਨਾਂ ਜਾਵੇ ਜਾਂ ਨੁਕਸਾਨ ਨਾ ਹੋਵੇ ਅਤੇ ਸਾਨੂੰ ਭਦੌੜ ਦੇ ਇਨ੍ਹਾਂ ਆਗੂਆਂ ਤੋਂ ਸਬਕ ਲੈ ਕੇ ਆਪਣੀ ਅਤੇ ਦੇਸ਼ ਦੀ ਕਾਮਯਾਬੀ ਲਈ ਅੱਗੇ ਵਧਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਸੁਣਨ-ਬੋਲਣ 'ਚ ਅਸਮਰੱਥ ਯਸ਼ਵੀਰ ਦਾ ਕਮਾਲ, ਆਪਣੇ ਵਰਗੇ ਦੂਜੇ ਬੱਚਿਆਂ ਲਈ ਬਣ ਰਿਹੈ ਮਿਸਾਲ