ਬਰਨਾਲਾ: ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਮੌਕੇ ਈਟੀਵੀ ਭਾਰਤ ਵੱਲੋਂ ਦਵਾਈਆਂ ਦਾ ਲੰਗਰ ਲਾਉਣ ਦੀ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਭਲਾਈ ਟਰੱਸਟ ਹਾਂਗਕਾਂਗ ਦੇ ਮੈਂਬਰ ਸੁੱਖਾ ਨੈਣੇਵਾਲੀਆ ਨੇ ਸਮਰਥਨ ਕੀਤਾ।
ਸੁਖਦੇਵ ਸਿੰਘ ਸੁੱਖੀ ਨੈਣੇਵਾਲੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੌਜੂਦਾ ਦੌਰ ਵਿੱਚ ਪੰਜਾਬ ਦੇ ਲੋਕ ਵੱਖ-ਵੱਖ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਨਾਲ ਜੂਝ ਰਹੇ ਹਨ। ਇਸ ਕਰਕੇ ਅੱਜ ਸਾਨੂੰ ਖਾਣ ਪੀਣ ਦੇ ਲੰਗਰ ਘਟਾ ਕੇ ਦਵਾਈਆਂ ਤੇ ਕੈਂਸਰ ਪੀੜਤਾਂ ਦੀ ਮੱਦਦ ਦੇ ਲੰਗਰ ਲਾਉਣ ਦੀ ਲੋੜ ਹੈ।
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਮੌਕੇ ਮਠਿਆਈ ਤੇ ਹੋਰ ਕਈ ਪਕਵਾਨ ਬਣਾਉਣੇ ਸਾਨੂੰ ਸੋਭਾ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਹਾਂਗਕਾਂਗ ਟਰੱਸਟ ਦਾ ਨਾਂਅ ਹੀ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਰੱਖਿਆ ਗਿਆ ਹੈ। ਟਰੱਸਟ ਵੱਲੋਂ ਲੰਮੇਂ ਸਮੇਂ ਤੋਂ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਲੋਕਾਂ ਦੇ ਇਲਾਜ ਕਰਵਾਏ ਜਾ ਰਹੇ ਹਨ। ਉਨ੍ਹਾਂ ਈਟੀਵੀ ਭਾਰਤ ਵੱਲੋਂ ਸ਼ੁਰੂ ਕੀਤੀ ਮੁਹਿੰਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਹਰ ਇੱਕ ਸਮਾਜ ਸੇਵੀ ਸੰਸਥਾ ਨੂੰ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ।