ਬਰਨਾਲਾ: ਖੇਤੀ ਕਾਨੂੰਨਾਂ ਵਿਰੁੱਧ ਚੱਲ ਰਿਹਾ ਕਿਸਾਨ ਅੰਦੋਲਨ ਸਿਖ਼ਰ ’ਤੇ ਹੈ। ਇਸ ਸੰਘਰਸ਼ ਨੂੰ ਤੇਜ਼ ਕਰਨ ਲਈ ਕਿਸਾਨ ਜੱਥੇਬੰਦੀਆਂ ਵੱਲੋਂ 26 ਜਨਵਰੀ ਮੌਕੇ ਕਿਸਾਨ ਟਰੈਕਟਰ ਪਰੇਡ ਦਿੱਲੀ ਦੀਆਂ ਸੜਕਾਂ ’ਤੇ ਕਰਨ ਦਾ ਐਲਾਨ ਕੀਤਾ ਹੈ। ਇਸ ਲਈ ਪੰਜਾਬ ਦੇ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਵੱਡੀਆਂ ਤਿਆਰੀਆਂ ਖਿੱਚੀਆਂ ਗਈਆਂ ਹਨ। ਉਥੇ ਇਸ ਟਰੈਕਟਰ ਪਰੇਡ ਨੂੰ ਸਫ਼ਲ ਬਨਾਉਣ ਲਈ ਕਿਸਾਨ ਧਿਰਾਂ ਦੇ ਨਾਲ-ਨਾਲ ਸਮਾਜ ਸੇਵੀ ਕਲੱਬਾਂ, ਕਮੇਟੀਆਂ, ਗੁਰਦੁਆਰਾ ਕਮੇਟੀਆਂ ਅਤੇ ਪ੍ਰਵਾਸੀ ਪੰਜਾਬੀਆਂ ਨੇ ਮੁੜ ਦਿਲ ਖੋਲ੍ਹ ਦਿੱਤੇ ਹਨ। ਪਰੇਡ ਵਿੱਚ ਟਰੈਕਟਰ ਲਿਜਾਣ ਵਾਲੇ ਕਿਸਾਨ ਨੂੰ ਡੀਜ਼ਲ ਦੇ ਖ਼ਰਚੇ ਦਿੱਤੇ ਜਾ ਰਹੇ ਹਨ।
ਪਿੰਡ ਗਹਿਲ ਦੀਆਂ ਤਿੰਨ ਜੱਥੇਬੰਦੀਆਂ ਰਾਜੇਵਾਲ, ਡਕੌਂਦਾ ਅਤੇ ਉਗਰਾਹਾਂ ਵੱਲੋਂ ਪਰੇਡ ਵਿੱਚ ਟਰੈਕਟਰ ਲਿਜਾਏ ਜਾ ਰਹੇ ਹਨ। ਇਸ ਲਈ ਪਿੰਡ ਦੇ ਪ੍ਰਵਾਸੀ ਪੰਜਾਬੀਆਂ ਵੱਲੋਂ ਪ੍ਰਤੀ ਟਰੈਕਟਰ ਨੂੰ 8 ਹਜ਼ਾਰ ਰੁਪਏ ਦਾ ਡੀਜ਼ਲ ਪਾਉਣ ਦਾ ਐਲਾਨ ਕੀਤਾ ਗਿਆ ਹੈ। ਪਿੰਡ ਚੀਮਾ ਦੇ ਕੈਨੇਡਾ ਰਹਿੰਦੇ ਕੁਲਦੀਪ ਸਿੰਘ ਕਾਕਾ ਵੱਲੋਂ ਅਜ਼ਾਦ ਸਪੋਰਟਸ ਕਲੱਬ ਰਾਹੀਂ ਦਿੱਲੀ ਜਾਣ ਵਾਲੇ ਟਰੈਕਟਰਾਂ ਦੇ ਡੀਜ਼ਲ ਲਈ 40 ਹਜ਼ਾਰ ਰੁਪਏ ਫ਼ੰਡ ਭੇਜਿਆ ਗਿਆ ਹੈ। ਪਿੰਡ ਦੇ ਆਸਟ੍ਰੇਲੀਆ ਰਹਿੰਦੇ ਨੌਜਵਾਨਾਂ ਵੱਲੋਂ ਕਲੱਬ ਰਾਹੀਂ ਟਰੈਕਟਰਾਂ ਦੇ ਤੇਲ ਲਈ ਮਦਦ ਭੇਜੀ ਗਈ ਹੈ।
ਪਿੰਡ ਨਿਹਾਲੂਵਾਲ ਦੇ ਅਮਰੀਕਾ ਵਸਦੇ ਭਰਾ ਈਸ਼ਰ ਸਿੰਘ ਚਹਿਲ ਅਤੇ ਸਾਧੂ ਸਿੰਘ ਚਹਿਲ ਵੱਲੋਂ ਦਿੱਲੀ ਵਿਖੇ ਪਰੇਡ ਵਿੱਚ ਟਰੈਕਟਰ ਲਿਜਾਣ ਵਾਲੇ ਹਰ ਕਿਸਾਨ ਨੂੰ 10 ਹਜ਼ਾਰ ਰੁਪਏ ਮਦਦ ਭੇਜੀ ਜਾ ਰਹੀ ਹੈ। ਇਸੇ ਤਰ੍ਹਾਂ ਮਹਿਲ ਕਲਾਂ ਦੇ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਵੱਲੋਂ ਪ੍ਰਤੀ ਟਰੈਕਟਰ ਵਿੱਚ 5 ਹਜ਼ਾਰ ਦਾ ਡੀਜ਼ਲ ਪਵਾਇਆ ਜਾ ਰਿਹਾ ਹੈ। ਰਾਮਗੜ੍ਹ ਦੇ ਪ੍ਰਵਾਸੀ ਪੰਜਾਬੀਆਂ ਵੱਲੋਂ 20 ਹਜ਼ਾਰ ਰੁਪਏ ਡੀਜ਼ਲ ਖ਼ਰਚ ਲਈ ਭਾਕਿਯੂ ਉਗਰਾਹਾਂ ਨੂੰ ਭੇਜੇ ਗਏ ਹਨ।
ਪਿੰਡ ਠੀਕਰੀਵਾਲਾ ਤੋਂ ਪੰਜ ਟਰੈਕਟਰਾਂ ਦੇ ਤੇਲ ਦਾ ਖ਼ਰਚ ਗੁਰਦੁਆਰਾ ਕਮੇਟੀ ਵੱਲੋਂ ਚੁੱਕਣ ਦਾ ਐਲਾਨ ਕੀਤਾ ਗਿਆ ਹੈ। ਪੱਖੋਕੇ ਦੇ ਨੌਜਵਾਨ ਕਲੱਬ ਵੱਲੋਂ ਪਿੰਡ ਦੀਆਂ ਕਾਦੀਆਂ ਅਤੇ ਉਗਰਾਹਾਂ ਜੱਥੇਬੰਦੀ ਦੀਆਂ ਇਕਾਈਆਂ ਨੂੰ ਡੀਜ਼ਲ ਲਈ 15-15 ਹਜ਼ਾਰ ਰੁਪਏ ਫ਼ੰਡ ਦਿੱਤਾ ਗਿਆ ਹੈ। ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰਾਇਣ ਦੱਤ ਨੇ ਕਿਹਾ ਕਿ ਖੇਤੀ ਕਾਨੂੰਨਾਂ ਦਾ ਕਿਸਾਨੀ ਘੋਲ ਹਰ ਵਰਗ ਦਾ ਸਾਂਝਾ ਸੰਘਰਸ਼ ਬਣ ਗਿਆ ਹੈ। ਇਸ ਲਈ ਹਰ ਵਰਗ ਵੱਧ ਚੜ੍ਹ ਕੇ ਸਹਿਯੋਗ ਦੇ ਰਿਹਾ ਹੈ, ਜੋ ਇਸ ਸੰਘਰਸ਼ ਲਈ ਸ਼ੁੱਭ ਸੰਕੇਤ ਹੈ।