ਬਰਨਾਲਾ: ਖੇਤੀ ਸੈਕਟਰ ਲਈ ਬਿਜਲੀ ਸਪਲਾਈ ਦੀ ਪ੍ਰੇਸ਼ਾਨੀ ਤੋਂ ਤੰਗ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਪਾਵਰਕਾਮ ਦੇ ਐਸਈ ਦਫਤਰ ਦਾ ਘਿਰਾਓ ਕਰਕੇ ਪ੍ਰਦਰਸ਼ਨ ਕੀਤਾ ਗਿਆ। ਐੱਸਈ ਦਫ਼ਤਰ ਅੱਗੇ ਧਰਨੇ ਵਿੱਚ ਕਿਸਾਨਾਂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਔਰਤਾਂ ਵੀ ਸ਼ਾਮਲ ਹੋਈਆਂ। ਪ੍ਰਦਰਸ਼ਨਕਾਰੀ ਕਿਸਾਨਾਂ ਮੁਤਾਬਿਕ ਦਿਨ ਸਮੇਂ ਬਿਜਲੀ ਸਪਲਾਈ ਨਾ ਮਿਲਣ ਕਰਕੇ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਪਰ ਵਿਭਾਗ ਸਪਲਾਈ ਰਾਤ ਸਮੇਂ ਦੇ ਰਿਹਾ ਹੈ, ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਬਿਜਲੀ ਕੱਟ ਨਾ ਬੰਦ ਕੀਤੇ ਜਾਣ ’ਤੇ ਸੰਘਰਸ਼ ਤੇਜ਼ ਕਰਨ ਦਾ ਵੀ ਐਲਾਨ ਕੀਤਾ।
ਬਿਜਲੀ ਕੱਟਾਂ ਦੀ ਸਮੱਸਿਆ: ਇਸ ਮੌਕੇ ਵਿਸਥਾਰ ਵਿੱਚ ਗੱਲਬਾਤ ਕਰਦਿਆਂ ਕਿਸਾਨ ਆਗੂ ਬਲੌਰ ਸਿੰਘ ਛੰਨਾ ਅਤੇ ਦਰਸ਼ਨ ਸਿੰਘ ਭੈਣੀ ਨੇ ਕਿਹਾ ਕਿ ਗਰਮੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਕਿਸਾਨਾਂ ਨੂੰ ਇੱਕ ਵਾਰ ਫਿਰ ਬਿਜਲੀ ਕੱਟਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੂੰ ਸੈਂਕੜੇ ਕਿਸਾਨਾਂ ਨਾਲ ਅੱਜ ਬਰਨਾਲਾ ਦੇ ਬਿਜਲੀ ਦਫਤਰ ਅੱਗੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਕਿਸਾਨਾਂ ਨੇ ਰੋਸ ਜ਼ਾਹਿਰ ਕੀਤਾ ਕਿ ਕਣਕ ਦੀ ਫ਼ਸਲ ਤਿਆਰ ਹੋਣ ਵਾਲੀ ਹੈ, ਪਰ ਲਗਾਤਾਰ ਬਿਜਲੀ ਦੇ ਕੱਟਾਂ ਕਾਰਨ ਕਣਕ ਨੂੰ ਸਹੀ ਢੰਗ ਨਾਲ ਪਾਣੀ ਨਹੀਂ ਮਿਲ ਰਿਹਾ। ਜੇਕਰ ਇਹੀ ਸਥਿਤੀ ਜਾਰੀ ਰਹੀ ਤਾਂ ਆਉਣ ਵਾਲੇ ਦਿਨਾਂ ’ਚ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਹੋ ਸਕਦਾ ਹੈ। ਜਿਸ ਕਾਰਨ ਅੱਜ ਐਸਈ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਹੈ।
8 ਘੰਟੇ ਬਿਜਲੀ ਸਪਲਾਈ: ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਖੇਤਾਂ ਲਈ 8 ਘੰਟੇ ਬਿਜਲੀ ਸਪਲਾਈ ਦੇਣ ਦੇ ਦਾਅਵੇ ਕਰ ਰਹੀ ਹੈ ਪ੍ਰੰਤੂ ਜ਼ਮੀਨੀ ਪੱਧਰ ’ਤੇ ਹਾਲਾਤ ਇਸਦੇ ਉਲਟ ਹਨ। ਉਨ੍ਹਾਂ ਕਿਹਾ ਕਿ ਦਿਨ ਸਮੇਂ ਬਿਲਕੁਲ ਵੀ ਬਿਜਲੀ ਨਹੀਂ ਦਿੱਤੀ ਜਾ ਰਹੀ ਜਦ ਕਿ ਰਾਤ ਸਮੇਂ ਦਿੱਤੀ ਜਾਣ ਵਾਲੀ ਸਪਲਾਈ ਵਿੱਚ ਵੀ ਵੱਡੇ ਕੱਟ ਲੱਗ ਰਹੇ ਹਨ। ਜਿਸ ਕਰਕੇ ਉਹਨਾਂ ਨੂੰ ਬਿਜਲੀ ਸਪਲਾਈ ਲੈਣ ਲਈ ਵੀ ਧਰਨਾ ਪ੍ਰਦਰਸ਼ਨ ਕਰਨੇ ਪੈ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਬਿਜਲੀ ਦੇ ਕੱਟ ਬੰਦ ਨਾ ਕੀਤੇ ਗਏ ਅਤੇ 8 ਘੰਟੇ ਬਿਜਲੀ ਨਾ ਦਿੱਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਜਿਥੇਬੰਦੀ ਵੱਲੋਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।ਉੱਧਰ ਇਸ ਸਬੰਧੀ ਬਿਜਲੀ ਵਿਭਾਗ ਦੇ ਐਸ.ਸੀ. ਤੇਜ ਬਾਂਸਲ ਨੇ ਦੱਸਿਆ ਕਿ ਬਿਜਲੀ ਕੱਟਾਂ ਸਬੰਧੀ ਪੰਜਾਬ ਸਰਕਾਰ ਦੀਆਂ ਨੀਤੀਆਂ ਤਹਿਤ ਹੀ ਬਿਜਲੀ ਦੇ ਕੱਟ ਲੱਗ ਰਹੇ ਹਨ ਅਤੇ ਇਸ ਸਬੰਧੀ ਵਿਭਾਗ ਕੁਝ ਨਹੀਂ ਕਰ ਸਕਦਾ। ਉਹਨਾਂ ਸਪੱਸ਼ਟ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਨੀਤੀ ਹੈ ਕਿ ਬਿਜਲੀ ਕਿਸ ਸਮੇਂ ਦਿੱਤ ਜਾਣੀ ਹੈ ਫਿਰ ਉਹ ਰਾਤ ਸਮੇਂ ਹੋਵੇ ਜਾਂ ਦਿਨ ਹੋਵੇ। ਬਰਨਾਲਾ ਬਿਜਲੀ ਵਿਭਾਗ ਇਸ ਵਿੱਚ ਕੁਝ ਨਹੀਂ ਕਰ ਸਕਦਾ।