ਬਰਨਾਲਾ: ਜ਼ਿਲ੍ਹੇ ਚ ਡੀਸੀ ਦਫਤਰ ਅੱਗੇ ਭਾਰਤੀ ਕਿਸਾਨ ਏਕਤਾ ਉਗਰਾਹਾਂ ਵੱਲੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਨਾਲ ਹੀ ਜੰਮ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਧਰਨਾਕਾਰੀਆਂ ਨੇ ਝੂਠੇ ਕੇਸ ਦਰਜ ਕਰ ਬੁੱਧੀਜੀਵੀਆਂ ਤੇ ਜਮਹੂਰੀ ਕਾਰਕੁੰਨਾਂ ਨੂੰ ਬਿਨਾਂ ਸ਼ਰਤ ਦੇ ਰਿਹਾਈ ਕਰਨ ਦੀ ਮੰਗ ਕੀਤੀ।
ਇਸ ਮੌਕੇ ਜਥੇਬੰਦੀ ਦੇ ਸੂਬਾ ਆਗੂ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਕਿ ਬੁੱਧੀਜੀਵੀਆਂ ਤੇ ਜਮਹੂਰੀ ਕਾਰਕੁੰਨਾਂ ਨੂੰ ਬਿਨਾਂ ਕਿਸੇ ਸ਼ਰਤ ’ਤੇ ਰਿਹਾਅ ਕਰਵਾਉਣ ਦੇ ਲਈ ਉਨ੍ਹਾਂ ਵੱਲੋਂ ਜਿਲ੍ਹਾ ਪੱਧਰੀ ਮੁਜ਼ਹਾਰੇ ਕੀਤੇ ਗਏ ਹਨ। ਸਰਕਾਰੀ ਏਜੰਟ ਦੁਆਰਾ ਪੋਸਟ ਕੀਤੀਆਂ ਜਾਅਲੀ ਚਿੱਠੀਆਂ ਦੇ ਝੂਠੇ ਸਬੂਤ ਤਿਆਰ ਕਰਕੇ ਇਸ ਧੱਕੇਸ਼ਾਹੀ ਨੂੰ ਅੰਜਾਮ ਦਿੱਤਾ ਗਿਆ ਹੈ। 82-83 ਸਾਲਾਂ ਦੇ ਬਜ਼ੁਰਗ ਅਤੇ 90% ਅਪਾਹਜ ਲੋਕਾਂ ਨੂੰ ਵੀ ਜੇਲ੍ਹਾਂ ਵਿੱਚ ਬਿਨਾਂ ਸੰਭਾਲ ਤੋਂ ਸਰੀਰਕ ਮਾਨਸਿਕ ਤਸ਼ੱਦਦ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਜਿਸ ਦੇ ਖਿਲਾਫ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਉਨ੍ਹਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਰ ਕੇਂਦਰ ਸਰਕਾਰ ਆਪਣਾ ਅੜੀਅਲ ਰਵੱਈਆ ਨਹੀਂ ਛੱਡ ਰਹੀ ਹੈ। ਜਦੋਂ ਤੱਕ ਕੇਂਦਰ ਸਰਕਾਰ ਇਨ੍ਹਾਂ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਦਿੰਦੀ ਉਸ ਸਮੇਂ ਤੱਕ ਉਹ ਧਰਨਾ ਪ੍ਰਦਰਸ਼ਨ ਕਰਨ ਰਹਿਣਗੇ ਅਤੇ ਉੱਥੋਂ ਜਿੱਤ ਕੇ ਵਾਪਿਸ ਆਉਣਗੇ। ਆਗੂ ਜਗਤਾਰ ਸਿੰਘ ਨੇ ਇਹ ਵੀ ਦੱਸਿਆ ਕਿ ਝੋਨੇ ਦੀ ਲਵਾਈ ਤੋਂ ਬਾਅਦ ਵੱਡੀ ਗਿਣਤੀ ਚ ਕਿਸਾਨ ਦਿੱਲੀ ਮੋਰਚੇ ਚ ਸ਼ਾਮਲ ਹੋਣਗੇ।
ਇਹ ਵੀ ਪੜੋ: Contract Farming ਕਰਕੇ ਕਿਸਾਨਾਂ ਨੂੰ ਹੋ ਰਿਹਾ ਲੱਖਾਂ ਦਾ ਨੁਕਸਾਨ