ਬਰਨਾਲਾ: ਖੇਤੀ ਬਿੱਲਾਂ ਦੇ ਵਿਰੋਧ ਵਿੱਚ ਪੰਜਾਬ ਦੇ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ। ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਨੇ ਅੱਜ ਰੇਲਾਂ ਦਾ ਚੱਕਾ ਜਾਮ ਕਰ ਦਿੱਤਾ। ਕਿਸਾਨਾਂ ਨੇ 24 ਤੋਂ 26 ਸਤੰਬਰ ਤੱਕ ਰੇਲਾਂ ਰੋਕਣ ਦਾ ਐਲਾਨ ਕੀਤਾ ਹੈ।
ਇਸੇ ਤਹਿਤ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਵਿੱਚ ਬਰਨਾਲਾ ਵਿੱਚ ਰੇਲਵੇ ਸਟੇਸ਼ਨ 'ਤੇ ਬਠਿੰਡਾ ਅੰਬਾਲਾ ਰੇਲਵੇ ਮਾਰਗ ਨੂੰ ਕਿਸਾਨਾਂ ਵੱਲੋਂ ਜਾਮ ਕਰਕੇ ਆਪਣਾ ਧਰਨਾ ਸ਼ੁਰੂ ਕੀਤਾ ਗਿਆ ਹੈ। ਇਹ ਧਰਨਾ ਦਿਨ ਰਾਤ ਚੱਲੇਗਾ। ਕਿਸਾਨਾਂ ਵੱਲੋਂ ਰਾਤਾਂ ਵੀ ਇਨ੍ਹਾਂ ਧਰਨਿਆਂ ਵਿੱਚ ਹੀ ਗੁਜ਼ਾਰੀਆਂ ਜਾ ਰਹੀਆਂ ਹਨ।
ਰਾਤ ਨੂੰ ਧਰਨਾ ਸਥਾਨ 'ਤੇ ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਖੇਤੀ ਬਿੱਲ ਪਾਸ ਕੀਤੇ ਹਨ। ਉਸ ਨੂੰ ਰੱਦ ਕਰਾਉਣ ਲਈ ਉਹ ਘਰਾਂ ਤੋਂ ਬਾਹਰ ਨਿਕਲੇ ਹੋਏ ਹਨ। ਜਿਨ੍ਹਾਂ ਸਮਾਂ ਇਹ ਬਿੱਲ ਰੱਦ ਨਹੀਂ ਹੁੰਦੇ, ਉਨ੍ਹਾਂ ਸਮਾਂ ਟਿਕ ਕੇ ਬੈਠਣ ਵਾਲੇ ਨਹੀਂ ਹਨ। ਅੱਜ ਉਨ੍ਹਾਂ ਵੱਲੋਂ ਰੇਲ ਪਟੜੀਆਂ 'ਤੇ ਬੈਠ ਕੇ ਆਪਣਾ ਸੰਘਰਸ਼ ਕੀਤਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ 15 ਸਤੰਬਰ ਤੋਂ ਲੈ ਕੇ 22 ਸਤੰਬਰ ਤੱਕ ਉਹ ਕੈਪਟਨ ਦੇ ਪਟਿਆਲਾ ਸ਼ਹਿਰ ਅਤੇ ਬਾਦਲ ਪਿੰਡ ਵਿਖੇ ਧਰਨਾ ਲਗਾ ਕੇ ਆਏ ਹਨ।
ਉਨ੍ਹਾਂ ਕਿਹਾ ਕਿ ਉਹ ਰਾਤਾਂ ਵੀ ਆਪਣੀਆਂ ਰੇਲ ਦੀਆਂ ਪਟੜੀਆਂ ਦੇ ਵੱਟਿਆਂ ਉੱਪਰ ਸੌਂ ਕੇ ਕੱਟ ਰਹੇ ਹਨ, ਜੋ ਉਨ੍ਹਾਂ ਦੀ ਮਜਬੂਰੀ ਹੈ ਨਾ ਕਿ ਸ਼ੌੰਕ। ਕਿਸਾਨਾਂ ਨੇ ਕਿਹਾ ਕਿ ਉਹ ਆਪਣੀਆਂ ਟਰਾਲੀਆਂ ਵਿੱਚ ਸੌਣ ਦੇ ਪ੍ਰਬੰਧ ਕਰਕੇ ਆਏ ਹਨ। ਲੰਗਰ ਪਾਣੀ ਦੇ ਪ੍ਰਬੰਧ ਵੀ ਉਨ੍ਹਾਂ ਵੱਲੋਂ ਧਰਨਾ ਸਥਾਨ 'ਤੇ ਕੀਤੇ ਹੋਏ ਹਨ। ਕਿਸਾਨਾਂ ਨੇ ਕਿਹਾ ਕਿ ਉਹ ਆਖ਼ਰੀ ਦਮ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ। ਉਨ੍ਹਾਂ ਸਮਾਂ ਉਹ ਆਪਣੇ ਘਰਾਂ ਵਿੱਚ ਨਹੀਂ ਜਾਣਗੇ, ਜਿੰਨਾ ਸਮਾਂ ਇਹ ਬਿੱਲ ਰੱਦ ਨਹੀਂ ਹੋ ਜਾਂਦੇ।