ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਪਿੰਡ ਭੋਤਨਾ ਵਿਖੇ ਸੂਬਾ ਕਮੇਟੀ ਦੀ ਮੀਟਿੰਗ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਧਰਤੀ ਹੇਠਲੇ ਪਾਣੀ ਦੇ ਬਚਾਓ ਅਤੇ ਬਿਜਲੀ ਦੀ ਕਿੱਲਤ ਦੇ ਮੱਦੇਨਜ਼ਰ ਜੱਥੇਬੰਦੀ ਵਲੋਂ ਲਗਾਤਾਰ ਜਾਗ੍ਰਿਤੀ ਮੁਹਿੰਮ ਪੰਜਾਬ ਪੱਧਰ ਤੇ ਚਲਾਈ ਜਾ ਰਹੀ ਹੈ।
ਇਹ ਵੀ ਪੜੋ: 'PU ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਲੜੇਗਾ ਲੜਾਈ'
ਇਸਦੇ ਅਗਲੇ ਪੜਾਅ ਤਹਿਤ 6 ਤੋਂ 10 ਜੂਨ ਤੱਕ ਪੰਜਾਬ ਭਰ ਵਿੱਚ ਪਿੰਡ-ਪਿੰਡ ਪਾਣੀ ਦੀਆਂ ਟੈਂਕੀਆਂ ਜਾਂ ਹੋਰ ਸਾਂਝੀਆਂ ਥਾਵਾਂ 'ਤੇ ਪੰਜ ਰੋਜ਼ਾ ਪੱਕੇ ਧਰਨੇ ਲਾਏ ਜਾਣਗੇ। ਇਹਨਾਂ ਧਰਨਿਆਂ ਦਾ ਮਕਸਦ ਸਰਕਾਰ ਨੂੰ ਜੱਥੇਬੰਦੀ ਵਲੋਂ ਭੇਜੀਆਂ ਗਈਆਂ ਮੰਗਾਂ ਦੀ ਪੂਰਤੀ ਕਰਵਾਉਣਾ ਹੈ।
ਉਹਨਾਂ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਪ੍ਰੇਰਿਤ ਕਰ ਰਹੀ ਹੈ, ਪ੍ਰੰਤੂ ਇਸ ਲਈ ਰਿਸਕ ਭੱਤਾ ਸਿਰਫ਼ 1500 ਰੁਪਏ ਹੈ, ਜਦਕਿ ਇਸਨੂੰ ਵਧਾ ਕੇ 10 ਹਜ਼ਾਰ ਰੁਪਏ ਕੀਤਾ ਜਾਣਾ ਚਾਹੀਦਾ ਹੈ। ਇਸਦੇ ਨਾਲ ਹੀ ਮੂੰਗੀ, ਬਾਸਮਤੀ ਤੇ ਮੱਕੀ ਸਮੇਤ ਫਲਾਂ, ਸਬਜ਼ੀਆਂ ਸਾਰੀਆਂ ਬਦਲਵੀਆਂ ਫ਼ਸਲਾਂ ਦਾ ਲਾਭਕਾਰੀ ਐਮਐੱਸਪੀ ਦੇਣ ਦੇ ਨਾਲ ਨਾਲ ਇਸਦੀ ਖ਼ਰੀਦ ਦੀ ਗਾਰੰਟੀ ਵੀ ਦਿੱਤੀ ਜਾਵੇ।
ਉਹਨਾਂ ਕਿਹਾ ਕਿ ਜੱਥੇਬੰਦੀ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਲਈ ਚਿੰਤਤ ਹੈ, ਜਿਸ ਕਰਕੇ ਇਹ ਮੁਹਿੰਮ ਚਲਾਈ ਗਈ ਹੈ। ਇਸ ਕਰਕੇ ਸਰਕਾਰ ਤੋਂ ਮੀਂਹ ਦੇ ਪਾਣੀ ਨੂੰ ਧਰਤੀ ਵਿੱਚ ਰੀਸਟੋਰ ਕਰਨ, ਦਰਿਆਵਾਂ ਦੇ ਪਾਣੀ ਨੂੰ ਵਰਤੋਂ ਵਿੱਚ ਲਿਆਉਣ ਅਤੇ ਪਾਣੀ ਦੀ ਸੰਭਾਲ ਲਈ ਹੋਰ ਵਿਗਿਆਨਕ ਢੰਗ ਤਰੀਕੇ ਅਪਨਾਉਣ ਦੀ ਮੰਗ ਕੀਤੀ ਗਈ ਹੈ।
ਸੂਬਾ ਕਮੇਟੀ ਵੱਲੋਂ ਮਤਾ ਪਾਸ ਕਰਕੇ ਪੰਜਾਬ ਭਰ ਦੇ ਸਮੂਹ ਕਿਸਾਨਾਂ, ਮਜ਼ਦੂਰਾਂ, ਕਿਰਤੀਆਂ, ਜਮਹੂਰੀ ਕਾਰਕੁਨਾਂ ਅਤੇ ਸਮਾਜ ਸੇਵੀਆਂ ਸਭਨਾਂ ਨੂੰ ਇਸ ਸਰਵਸਾਂਝੇ ਅਤੀ ਗੰਭੀਰ ਮਸਲੇ ਦੇ ਹੱਲ ਲਈ ਇਸ ਸੰਘਰਸ਼ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਜ਼ੋਰਦਾਰ ਸੱਦਾ ਦਿੱਤਾ ਗਿਆ।
ਇਹ ਵੀ ਪੜੋ: ਆਟੋ ਡਰਾਇਵਰ ਉੱਤੇ ਹੋਇਆ ਜਾਨਲੇਵਾ ਹਮਲਾ, ਘਟਨਾ ਸੀਸੀਟੀਵੀ ਵਿੱਚ ਕੈਦ