ਬਰਨਾਲਾ: ਕੋਰੋਨਾ ਵਾਇਰਸ ਦੇ ਵਧ ਰਹੇ ਕਹਿਰ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਲੌਕਡਾਊਨ ਲਗਾਇਆ ਗਿਆ ਹੈ। ਜਿਸਦਾ ਲਗਾਤਾਰ ਬਰਨਾਲਾ ਸਮੇਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਦੁਕਾਨਦਾਰ ਵਿਰੋਧ ਕਰ ਰਹੇ ਹਨ ਅਤੇ ਦੁਕਾਨਾਂ ਖੋਲਣ ਦੀ ਮੰਗ ਕਰ ਰਹੇ ਹਨ। ਵਪਾਰੀਆਂ ਅਤੇ ਦੁਕਾਨਦਾਰਾਂ ਦੀ ਇਸ ਮੰਗ ਦੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਹਮਾਇਤ ਕੀਤੀ ਗਈ ਹੈ। ਜਿਸ ਤਹਿਤ ਕਿਸਾਨ ਜੱਥੇਬੰਦੀਆਂ ਨੇ 8 ਮਈ ਨੂੰ ਵਪਾਰੀਆਂ ਅਤੇ ਦੁਕਾਨਦਾਰਾਂ ਨਾਲ ਮਿਲ ਕੇ ਦੁਕਾਨਾਂ ਖੋਲਣ ਦਾ ਐਲਾਨ ਕੀਤਾ ਹੈ। ਸੰਯੁਕਤ ਕਿਸਾਨ ਮੋਰਚੇ ਦੇ ਇਸ ਐਲਾਨ ’ਤੇ ਫੁੱਲ ਚੜਾਉਣ ਲਈ ਬਰਨਾਲਾ ਦਾ ਵਪਾਰ ਮੰਡਲ ਅਤੇ ਕਿਸਾਨ ਜੱਥੇਬੰਦੀਆਂ ਵੀ ਇਕਜੁੱਟ ਹੋਈਆਂ ਹਨ ਅਤੇ 8 ਮਈ ਨੂੰ ਬਰਨਾਲਾ ਦੀਆਂ ਦੁਕਾਨਾਂ ਖੋਲਣ ਦਾ ਐਲਾਨ ਕੀਤਾ ਹੈ।
ਇਹ ਵੀ ਪੜੋ: ਮੌਸਮ ਵਿਭਾਗ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਯੈਲੋ ਅਲਰਟ ਜਾਰੀ
ਇਸ ਸਬੰਧੀ ਗੱਲਬਾਤ ਕਰਦਿਆਂ ਵਪਾਰ ਮੰਡਲ ਦੇ ਪ੍ਰਧਾਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਆੜ ਵਿੱਚ ਲੋਕਾਂ ’ਤੇ ਜ਼ਬਰ ਕੀਤਾ ਜਾ ਰਿਹਾ ਹੈ। ਸਰਕਾਰ ਨੇ ਸਿਹਤ ਸਹੂਲਤਾਂ ਦੇ ਕੋਈ ਪ੍ਰਬੰਧ ਨਹੀਂ ਕੀਤੇ। ਆਕਸੀਜਨ, ਵੈਂਟੀਲੇਟਰ ਦੇ ਕੋਈ ਪ੍ਰਬੰਧ ਕਰਨ ਵਿੱਚ ਸਰਕਾਰ ਨਾਕਾਮ ਰਹੀ ਹੈ। ਹਸਪਤਾਲਾਂ ਵਿੱਚ ਕੋਰੋਨਾ ਵੈਕਸੀਨ ਖ਼ਤਮ ਹੋ ਚੁੱਕੀ ਹੈ। ਪਰ ਸਰਕਾਰ ਨੇ ਪਹਿਲਾਂ ਸਕੂਲ ਬੰਦ ਕਰਕੇ ਬੱਚਿਆਂ ਦਾ ਭਵਿੱਖ ਖਤਰੇ ਵਿੱਚ ਪਾਇਆ ਅਤੇ ਹੁਣ ਦੁਕਾਨਾਂ ਬੰਦ ਕਰਕੇ ਲੋਕਾਂ ਦੇ ਰੁਜ਼ਗਾਰ ਨੂੰ ਵੱਡੀ ਢਾਹ ਲਗਾਈ ਗਈ ਹੈ। ਸ਼ਰਾਬ ਦੇ ਠੇਕੇ ਖੁੱਲੇ ਹਨ, ਵੱਡੇ ਕਾਰਪੋਰੇਟ ਕੰਪਨੀਆਂ ਦੇ ਸ਼ਾਪਿੰਗ ਮਾਲ ਖੋਲ੍ਹੇ ਗਏ ਹਨ। ਜਦਕਿ ਛੋਟੇ ਦੁਕਾਨਦਾਰਾਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ। ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਦੁਕਾਨਦਾਰ ਕੋਰੋਨਾ ਨਿਯਮਾਂ ਦਾ ਧਿਆਨ ਰੱਖ ਕੇ ਦੁਕਾਨਾਂ ਖੋਲਣ ਦਾ ਸਰਕਾਰ ਨੂੰ ਭਰੋਸਾ ਦੇ ਰਹੇ ਹਨ। ਪਰ ਇਸਦੇ ਬਾਵਜੂਦ ਦੁਕਾਨਾਂ ਖੋਲਣ ’ਤੇ ਸਰਕਾਰ ਰੋਕ ਲਗਾ ਰਹੀ ਹੈ। ਜਿਸ ਕਰਕੇ ਸੰਯੁਕਤ ਕਿਸਾਨ ਮੋਰਚੇ ਵਲੋਂ 8 ਮਈ ਨੂੰ ਵਪਾਰੀਆਂ ਦਾ ਸਾਥ ਦੇ ਕੇ ਦੁਕਾਨਾਂ ਖੁਲਵਾਉਣ ਦਾ ਐਲਾਨ ਕੀਤਾ ਹੈ। ਜੇਕਰ ਪ੍ਰਸਾਸ਼ਨ ਨੇ ਰੋਕਿਆ ਤਾਂ ਉਸਦਾ ਡਟ ਕੇ ਵਿਰੋਧ ਕੀਤਾ ਜਾਵੇਗਾ।
ਇਹ ਵੀ ਪੜੋ: ਫੀਸਾਂ ’ਚ ਨਾਜਾਇਜ਼ ਵਾਧੇ ਤੋਂ ਦੁਖੀ ਮਾਪਿਆਂ ਨੇ ਕੀਤਾ ਵਿਰੋਧ