ਬਰਨਾਲਾ: ਤਿੰਨ ਖੇਤੀ ਕਾਨੂੰਨਾਂ, ਪਰਾਲੀ ਆਰਡੀਨੈਂਸ ਤੇ ਬਿਜਲੀ ਸੋਧ ਬਿਲ 2020 ਖਿਲਾਫ ਸਥਾਨਕ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਲੱਗੇ ਹੋਏ ਸਾਂਝੇ ਕਿਸਾਨ ਧਰਨੇ ਦੇ 106ਵੇਂ ਦਿਨ ਅੱਜ ਹੱਡ-ਚੀਰਵੀਂ ਠੰਡ ਦੇ ਬਾਵਜੂਦ ਕਿਸਾਨਾਂ ਦੀ ਸੰਘਰਸ਼ੀ ਗਰਮਜੋਸ਼ੀ ਬਰਕਰਾਰ ਤੇ ਆਪਣੀ ਮੰਗ ਪ੍ਰਤੀ ਅਡੋਲਤਾ ਜਾਰੀ ਰਹੀ।
ਧਰਨੇ ਦੀ ਸ਼ੁਰੂਆਤ ਸਮੇਂ ਸ਼ਿੰਦਰ ਧੌਲਾ, ਮੁਨਸ਼ੀ ਖਾਨ ਰੂੜੇਕੇ, ਭੋਲਾ ਸਿੰਘ, ਗੁਰਜੋਤ ਬਰਨਾਲਾ ਤੇ ਨਰਿੰਦਰਪਾਲ ਸਿੰਗਲਾ ਨੇ ਇਨਕਲਾਬੀ ਗੀਤ ਤੇ ਕਵਿਤਾਵਾਂ ਸੁਣਾਈਆਂ। ਧਰਨੇ ਨੂੰ ਸਰਪੰਚ ਗੁਰਚਰਨ ਸਿੰਘ, ਭੈਣ ਪ੍ਰੇਮਪਾਲ ਕੌਰ, ਮੇਲਾ ਸਿੰਘ ਕੱਟੂ, ਗੁਰਮੇਲ ਸ਼ਰਮਾ, ਕਰਨੈਲ ਸਿੰਘ ਗਾਂਧੀ, ਅਮਰਜੀਤ ਕੌਰ, ਗੁਰਨਾਮ ਸਿੰਘ ਠੀਕਰੀਵਾਲਾ ਤੇ ਗੋਰਾ ਸਿੰਘ ਢਿਲਵਾਂ ਨੇ ਸੰਬੋਧਨ ਕੀਤਾ।
ਸਰਕਾਰ ਸੁਪਰੀਮ ਕੋਰਟ ਦੇ ਮੋਢਿਆਂ ਉੱਤੇ ਰੱਖ ਬੰਦੂਕ ਚੱਲਾ ਰਹੀ
- ਬੁਲਾਰਿਆਂ ਨੇ ਕਿਹਾ ਕਿ ਸੁਪਰੀਮ ਕੋਰਟ ਦੁਆਰਾ ਗੱਲਬਾਤ ਨੂੰ ਅੱਗੇ ਵਧਾਉਣ ਲਈ ਬਣਾਈ ਗਈ ਕਮੇਟੀ ਦੀ ਬਣਤਰ ਤੋਂ ਸਪੱਸ਼ਟ ਹੋ ਗਿਆ ਹੈ ਕਿ ਸਰਕਾਰ ਜੋ ਕੰਮ ਖੁਦ ਨਹੀਂ ਕਰ ਸੱਕੀ ਉਹ ਸੁਪਰੀਮ ਕੋਰਟ ਤੋਂ ਕਰਵਾਉਣਾ ਚਾਹੁੰਦੀ ਹੈ। ਆਗੂਆਂ ਕਿਹਾ ਕਿ ਸਰਕਾਰ ਨੇ ਕਾਨੂੰਨ ਬਣਾਏ ਹਨ ਅਤੇ ਹੁਣ ਸਰਕਾਰ ਹੀ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰੇ।
- ਕਾਨੂੰਨ ਰੱਦ ਕਰਵਾਏ ਜਾਣ ਤੋਂ ਇਲਾਵਾ ਹੋਰ ਕੁੱਝ ਵੀ ਮਨਜ਼ੂਰ ਨਹੀਂ ਹੈ। ਸਰਕਾਰ ਘੋਲ ਨੂੰ ਲਮਕਾ ਕੇ ਉਨਾਂ ਨੂੰ ਦਮੋਂ ਕੱਢਣ ਦਾ ਭਰਮ ਪਾਲੀ ਬੈਠੀ ਹੈ ਅਤੇ ਕਿਸਾਨ ਸਰਕਾਰ ਦੇ ਇਸ ਭਰਮ ਨੂੰ ਚਕਨਾਚੂਰ ਕਰ ਦੇਣਗੇ। ਗੁਰਨਾਮ ਸਿੰਘ ਠੀਕਰੀਵਾਲਾ ਨੇ ਦੱਸਿਆ ਕਿ ਇਸ ਸਾਲ 17 ਤੋਂ 19 ਜਨਵਰੀ ਤੱਕ ਹੋਣ ਵਾਲੇ ਪਿੰਡ ਠੀਕਰੀਵਾਲਾ ਵਿਖੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਯਾਦਗਾਰੀ ਪ੍ਰੋਗਰਾਮ ਵਿੱਚ ਕਿਸੇ ਵੀ ਸਿਆਸੀ ਨੇਤਾ ਨੂੰ ਬੋਲਣ ਨਹੀਂ ਦਿੱਤਾ ਜਾਵੇਗਾ ਅਤੇ ਸਾਰੇ ਸਮਾਗਮਾਂ ਨੂੰ ਸਿਰਫ ਕਿਸਾਨ ਨੇਤਾ ਹੀ ਸੰਬੋਧਨ ਕਰਨਗੇ।