ਬਰਨਾਲਾ: ਆਮ ਆਦਮੀ ਪਾਰਟੀ ਦੇ ਬਰਨਾਲਾ ਤੋਂ ਵਿਧਾਇਕ ਤੇ ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਘਰ ਅੱਗੇ ਡੈਪੂਟੇਸ਼ਨ 'ਤੇ ਚੱਲ ਰਹੇ ਈਟੀਟੀ ਅਧਿਆਪਕਾਂ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ। ਇਸ ਧਰਨਾ ਲਗਾਉਣ ਤੋਂ ਪਹਿਲਾਂ ਈ.ਟੀ.ਟੀ ਅਧਿਆਪਕ ਸਿੱਖਿਆ ਮੰਤਰੀ ਮੀਤ ਹੇਅਰ ਨੂੰ ਮਿਲੇ ਤੇ ਆਪਣੀਆਂ ਸਮੱਸਿਆਵਾਂ ਦੱਸੀਆਂ।
ਇਸ ਦੌਰਾਨ ਹੀ ਮੀਤ ਹੇਅਰ ਵੱਲੋਂ ਵਿਸਵਾਸ ਦੁਆਇਆ ਗਿਆ ਕਿ ਸਿੱਖਿਆ ਵਿਭਾਗ ਵਿੱਚ ਆਉਣ ਵਾਲੇ ਦਿਨਾਂ ਵਿੱਚ ਨਵੀਂਆਂ ਨੀਤੀਆਂ ਬਣਾਈਆਂ ਜਾਣਗੀਆਂ, ਜਿਸ ਲਈ ਸਰਕਾਰ ਨੂੰ ਕੁਝ ਸਮਾਂ ਦੇਣ ਦੀ ਲੋੜ ਹੈ। ਉਨ੍ਹਾਂ ਈਟੀਟੀ ਅਧਿਆਪਕਾਂ ਨੂੰ ਡੈਪੂਟੇਸ਼ਨਾਂ ਸੰਬੰਧੀ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ।
ਉਥੇ ਇਸ ਮੌਕੇ ਪ੍ਰਦਰਸ਼ਨ ਕਰ ਰਹੇ ਅਧਿਆਪਕਾਵਾਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਉਹ ਡੈਪੂਟੇਸ਼ਨ 'ਤੇ ਆਪਣੇ ਸਟੇਸ਼ਨਾਂ ਨੂੰ ਛੱਡ ਕੇ 200 ਤੋਂ 300 ਕਿਲੋਮੀਟਰ ਦੂਰ ਡਿਊਟੀ ਕਰ ਰਹੇ ਹਨ, ਜੋ ਸਰਾਸਰ ਵਿਭਾਗ ਦੀ ਪਾਲਿਸੀ ਦੇ ਖ਼ਿਲਾਫ਼ ਹੈ। ਉਨ੍ਹਾਂ ਦੱਸਿਆ ਕਿ 31 ਮਾਰਚ 2022 ਤੱਕ ਸਾਰੇ ਅਧਿਆਪਕਾਂ ਜਿਹਨਾਂ ਦੀ ਡੈਪੂਟੇਸ਼ਨ 'ਤੇ ਬਦਲੀ ਹੋਈ ਸੀ, ਉਸ ਨੂੰ 1 ਅਪ੍ਰੈਲ ਤੇ 2022 ਡੈਪੂਟੇਸ਼ਨ ਖਤਮ ਕਰਨ ਦੇ ਆਦੇਸ਼ ਜਾਰੀ ਹੋਏ ਸਨ, ਲੇਕਿਨ ਅਜੇ ਤੱਕ ਇਹ ਡੈਪੂਟੇਸ਼ਨ ਖ਼ਤਮ ਕਰਕੇ ਉਨ੍ਹਾਂ ਨੂੰ ਫਰੀ ਨਹੀਂ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਉਹ ਘਰ ਤੋਂ ਸਕੂਲ ਦੀ ਜ਼ਿਆਦਾ ਦੂਰੀ ਕਾਰਨ ਰੋਜ਼ਾਨਾ ਲੇਟ ਹੋ ਜਾਂਦੇ ਹਨ ਤੇ ਸਕੂਲ ਲੇਟ ਪਹੁੰਚਣ 'ਤੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਹੀ ਜ਼ਲੀਲ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਦੂਜੀਆਂ ਸਰਕਾਰਾਂ ਵਾਂਗ ਹੀ ਕੰਮ ਕਰ ਰਹੀ ਹੈ ਅਤੇ ਅਧਿਆਪਕਾਂ ਸਮੇਤ ਹੋਰ ਕਰਮਚਾਰੀਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਇਹ ਵੀ ਪੜੋ:- ED ਨੇ ਚਰਨਜੀਤ ਚੰਨੀ ਦੇ ਭਾਣਜੇ ਖ਼ਿਲਾਫ਼ ਕੀਤੀ ਚਾਰਜਸ਼ੀਟ ਦਾਖ਼ਲ