ਬਰਨਾਲਾ : ਸ਼ਹਿਰ ਦੀਆਂ ਕਾਲੋਨੀਆਂ ਤੇ ਸ਼ਹਿਰੀ ਖੇਤਰ ਦੇ ਰੱਖ-ਰਖਾਅ ਅਤੇ ਵਿਕਾਸ ਵਿੱਚ ਇੰਪਰੂਵਮੈਂਟ ਟਰੱਸਟ ਬਰਨਾਲਾ ਦੀ ਅਹਿਮ ਭੂਮਿਕਾ ਹੈ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਨਗਰ ਸੁਧਾਰ ਬਰਨਾਲਾ ਇਸ ਵੇਲੇ ਰੱਬ ਦੇ ਭਰੋਸੇ 'ਤੇ ਚੱਲ ਰਿਹਾ ਹੈ। ਇੰਪਰੂਵਮੈਂਟ ਟਰੱਸਟ ਬਰਨਾਲਾ ਦੇ ਅਧਿਕਾਰੀ ਦਫਤਰਾਂ 'ਚ ਗੈਰ-ਹਾਜ਼ਰ ਹਨ ਅਤੇ ਇਸੇ ਦਫ਼ਤਰ ਦੇ ਕੱਚੇ ਮੁਲਾਜ਼ਮਾਂ ਵੱਲੋਂ ਪਿਛਲੇ 6 ਦਿਨਾਂ ਤੋਂ ਲਗਾਤਾਰ ਹੜਤਾਲ ਕੀਤੀ ਜਾ ਰਹੀ ਹੈ।
ਮੁਲਾਜ਼ਮ ਆਪਣੀਆਂ ਤਨਖਾਹਾਂ ਲੈਣ ਅਤੇ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ 6 ਦਿਨਾਂ ਤੋਂ ਲਗਾਤਾਰ ਹੜਤਾਲ 'ਤੇ ਬੈਠੇ ਹਨ। ਦਫ਼ਤਰ ਦੇ ਸਵਾਈ ਸੇਵਕ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ 6 ਦਿਨਾਂ ਤੋਂ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਪਰ ਸਰਕਾਰ ਵਲੋਂ ਕੋਈ ਸੁਣਵਾਈ ਨਹੀਂ ਹੋ ਰਹੀ। ਮੁਲਾਜ਼ਮਾਂ ਵੱਲੋਂ ਨਗਰ ਸੁਧਾਰ ਟਰੱਸਟ ਦੇ ਬਾਹਰ ਲਗਾਤਾਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Puja For Elon Musk Video: ਸੋਸ਼ਲ ਮੀਡੀਆ 'ਤੇ ਗੂੰਜੇ ਐਲਨ ਮਸਕ ਦੇ ਜੈਕਾਰੇ, ਲੋਕਾਂ ਨੇ ਅਡਾਨੀ-ਅੰਬਾਨੀ ਨੂੰ ਵੀ ਦਿੱਤੀ ਸਲਾਹ!
ਤਨਖਾਹਾਂ ਜਾਰੀ ਕਰਨ ਦੇ ਨਾਲ-ਨਾਲ ਕੱਚੇ ਕਾਮਿਆਂ ਨੂੰ ਪੱਕਾ ਕਰੇ ਸਰਕਾਰ : ਇਸ ਮੌਕੇ ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੇ ਕਿਹਾ ਕਿ ਉਹ ਨਗਰ ਸੁਧਾਰ ਟਰੱਸਟ ਵਿੱਚ ਛੇ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ 'ਤੇ ਹਨ। ਉਨ੍ਹਾਂ ਦੀ ਮੁੱਖ ਮੰਗ ਠੇਕਾ ਪ੍ਰਣਾਲੀ 'ਚੋਂ ਬਾਹਰ ਕੱਢਣ ਦੀ ਹੈ, ਪਰ ਨਾ ਤਾਂ ਵਿਭਾਗ ਦੇ ਅਧਿਕਾਰੀਆਂ ਉਤੇ, ਨਾ ਹੀ ਪ੍ਰਸ਼ਾਸਨ ਤੇ ਨਾ ਹੀ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਉਨ੍ਹਾਂ ਦੀ ਕੋਈ ਗੱਲ ਸੁਣੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਜਨਵਰੀ ਮਹੀਨੇ ਦੀ ਤਨਖ਼ਾਹ ਦੋ ਮਹੀਨੇ ਬੀਤਣ 'ਤੇ ਵੀ ਨਹੀਂ ਦਿੱਤੀ ਗਈ, ਜਦਕਿ ਫਰਵਰੀ ਮਹੀਨਾ ਵੀ ਸਮਾਪਤ ਹੋ ਚੁੱਕਿਆ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਫੌਰੀ ਤੌਰ ਉਤੇ ਪਹਿਲਾਂ ਸਾਡੀਆਂ ਤਨਖਾਹਾਂ ਜਾਰੀ ਕਰੇ। ਸਾਡੇ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਔਖਾ ਹੋ ਗਿਆ ਹੈ। ਤਿੰਨ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਰੋਟੀ ਖਾਣੀ ਵੀ ਔਖੀ ਹੋ ਗਈ ਹੈ। ਸਰਕਾਰ ਤੁਰੰਤ ਇਸ ਮਸਲੇ ਉਤੇ ਦਖਲ ਦੇ ਕੇ ਸਾਡੀਆਂ ਤਨਖਾਹਾਂ ਜਾਰੀ ਕਰੇ ਤੇ ਕੱਚੇ ਕਾਮਿਆਂ ਨੂੰ ਪੱਕਾ ਕਰੇ।
ਇਹ ਵੀ ਪੜ੍ਹੋ : Vigilance arrested the employee: ਤਹਿਸੀਲ ਦਫ਼ਤਰ ਦੇ ਮੁਲਾਜ਼ਮ ਨੂੰ ਵਿਜੀਲੈਂਸ ਨੇ ਰਿਸ਼ਵਤ ਸਮੇਤ ਕੀਤਾ ਗ੍ਰਿਫ਼ਤਾਰ, 40 ਹਜ਼ਾਰ ਰਿਸ਼ਵਤ ਦੀ ਕੀਤੀ ਸੀ ਮੰਗ
ਨਾ ਤਨਖਾਹਾਂ ਪਾਈਆਂ ਜਾ ਰਹੀਆਂ ਨੇ, ਨਾ ਹੀ ਪੀਐੱਫ : ਉਨ੍ਹਾਂ ਕਿਹਾ ਕਿ ਸਾਰੇ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾ ਰਿਹਾ ਹੈ, ਜਦਕਿ ਉਨ੍ਹਾਂ ਨੂੰ ਅਜੇ ਤੱਕ ਠੇਕਾ ਸਿਸਟਮ ਅਧੀਨ ਹੀ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰ ਨੂੰ ਪੈਸੇ ਨਗਰ ਸੁਧਾਰ ਟਰੱਸਟ ਵਲੋਂ ਨਹੀਂ ਪਾਏ ਜਾ ਰਹੇ। ਇਸੇ ਕਾਰਨ ਠੇਕੇਦਾਰ ਸਾਨੂੰ ਤਨਖਾਹ ਨਹੀਂ ਦੇ ਰਿਹਾ। ਇਸਤੋਂ ਇਲਾਵਾ ਉਨ੍ਹਾਂ ਦਾ ਪੀਐਫ ਵੀ ਨਹੀਂ ਪਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਹਾਲਾਤ ਇਸੇ ਤਰ੍ਹਾਂ ਰਹੇ ਤਾਂ ਆਉਣ ਵਾਲੇ ਦਿਨਾਂ 'ਚ ਉਹ ਭੁੱਖ ਹੜਤਾਲ ਕਰਨਗੇ ਅਤੇ ਇਹ ਧਰਨਾ ਲਗਾਤਾਰ ਜਾਰੀ ਰਹੇਗਾ।