ਬਰਨਾਲਾ: ਜ਼ਿਲ੍ਹੇ ਵਿੱਚ 21 ਤਰੀਕ ਨੂੰ ਪਏ ਭਾਰੀ ਮੀਂਹ ਕਾਰਨ ਪਿੰਡ ਕਾਲੇਕੇ ਵਿੱਚ ਕਿਸਾਨਾਂ ਦੀ 500 ਏਕੜ ਦੇ ਕਰੀਬ ਖੜੀ ਝੋਨੇ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ। ਕਿਸਾਨਾਂ ਦਾ ਕਹਿਣਾ ਹੈ ਕਿ 4 ਦਿਨ ਬੀਤ ਜਾਣ ਦੇ ਬਾਵਜੂਦ ਪ੍ਰਸ਼ਾਸਨ ਨੇ ਕਿਸਾਨਾਂ ਦੀ ਕੋਈ ਸਾਰ ਨਹੀਂ ਲਈ। ਕਿਸਾਨ ਸਰਕਾਰ ਤੋਂ ਬਰਬਾਦ ਹੋਈ ਫ਼ਸਲ ਲਈ ਮੁਆਵਜ਼ੇ ਦੀ ਮੰਗ ਕਰ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਗੁਰਪ੍ਰੀਤ ਸਿੰਘ, ਗੁਰਤੇਜ ਸਿੰਘ, ਜਸਮੇਲ ਸਿੰਘ, ਜਸਵੀਰ ਸਿੰਘ ਅਤੇ ਲਾਲ ਸਿੰਘ ਨੇ ਦੱਸਿਆ ਕਿ 21 ਜੁਲਾਈ ਨੂੰ ਪਏ ਭਾਰੀ ਮੀਂਹ ਕਾਰਨ ਕਰੀਬ 500 ਏਕੜ ਰਕਬੇ ਵਿੱਚ ਖੜ੍ਹੀ ਝੋਨਾ ਦੀ ਫ਼ਸਲ ਪਾਣੀ ਵਿੱਚ ਡੁੱਬਣ ਨਾਲ ਪੂਰੀ ਤਰ੍ਹਾਂ ਖਰਾਬ ਹੋ ਗਈ ਹੈ। 4 ਦਿਨ ਬੀਤ ਜਾਣ ਦੇ ਬਾਵਜੂਦ ਵੀ ਜ਼ਿਲਾ ਪ੍ਰਸ਼ਾਸਨ ਅਤੇ ਹੋਰ ਵਿਭਾਗ ਦਾ ਕੋਈ ਅਧਿਕਾਰੀ ਕਿਸਾਨਾਂ ਦਾ ਦੁੱਖ ਜਾਣਨ ਲਈ ਨਹੀਂ ਪਹੁੰਚਿਆ।
ਉਨ੍ਹਾਂ ਦੱਸਿਆ ਕਿ ਇਸ ਦੇ ਨਾਲ-ਨਾਲ ਟਿਊਬਵੈੱਲਾਂ ਆਦਿ ਵਿੱਚ ਪਾਣੀ ਭਰ ਗਿਆ ਹੈ ਅਤੇ ਉਨ੍ਹਾਂ ਦੇ ਖੇਤਾਂ ਵਿੱਚ ਬਣੀਆਂ ਮੋਟਰਾਂ ਦੇ ਜ਼ਿਆਦਾਤਰ ਕਮਰੇ ਵੀ ਢਹਿ ਗਏ ਹਨ। ਉਨ੍ਹਾਂ ਦੱਸਿਆ ਕਿ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ। ਉਨ੍ਹਾਂ ਆਮ ਆਦਮੀ ਪਾਰਟੀ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਇਹ ਮੁਹਿੰਮ ਚਲਾਈ ਜਾ ਰਹੀ ਹੈ ਕਿ ਕੁਦਰਤੀ ਆਫਤ ਕਾਰਨ ਨੁਕਸਾਨ ਹੋਣ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਪਹਿਲ ਦੇ ਆਧਾਰ 'ਤੇ ਦਿੱਤਾ ਜਾਵੇਗਾ। ਪਰ ਇੱਥੇ ਮੁਆਵਜ਼ਾ ਦੇਣ ਦੀ ਕੋਈ ਗੱਲ ਨਹੀਂ ਹੈ, ਅਧਿਕਾਰੀ 4 ਦਿਨਾਂ ਤੋਂ ਮੌਕੇ ਦਾ ਜਾਇਜ਼ਾ ਲੈਣ ਲਈ ਨਹੀਂ ਪਹੁੰਚੇ।
ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਅਤੇ ਪੰਜਾਬ ਸਰਕਾਰ ਨੂੰ ਤੁਰੰਤ ਪੰਜਾਹ ਹਜ਼ਾਰ ਮੁਆਵਜ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਕਿਸਾਨਾਂ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਇਹ ਵੀ ਪੜ੍ਹੋ: ਮੁਫ਼ਤ ਬਿਜਲੀ ਨੂੰ ਲੈਕੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਸਰਕਾਰ, ਕਿਹਾ....