ਬਰਨਾਲਾ: ਕੋਰੋਨਾ ਵਾਇਰਸ ਦੇ ਕਹਿਰ ਵਿੱਚ ਕਣਕ ਦੀ ਵਾਢੀ ਦਾ ਸੀਜ਼ਨ ਸਮਾਪਤ ਹੋ ਚੁੱਕਾ ਹੈ ਅਤੇ ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਅਗਲੀ ਫ਼ਸਲ ਝੋਨੇ ਦੀ ਬਿਜਾਈ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਕਿਸਾਨਾਂ ਵੱਲੋਂ ਇਸ ਵਾਰ ਝੋਨੇ ਦੀ ਬਿਜਾਈ ਲਈ ਇੱਕ ਵੱਖਰਾ ਤਰੀਕਾ ਅਪਣਾਇਆ ਜਾ ਰਿਹਾ ਹੈ। ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਰਾਹੀਂ ਫ਼ਸਲ ਬੀਜੀ ਜਾ ਰਹੀ ਹੈ, ਜਿਸ ਨਾਲ ਪਾਣੀ ਦੀ ਵੱਡੇ ਪੱਧਰ ਤੇ ਬੱਚਤ ਹੋ ਸਕੇਗੀ।
ਇਸ ਸਬੰਧੀ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਡਾ.ਬਲਦੇਵ ਸਿੰਘ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਵਿੱਚ ਪਿਛਲੇ ਸਾਲ ਸਿਰਫ਼ 1500 ਹੈਕਟੇਅਰ ਵਿੱਚ ਝੋਨੇ ਦੀ ਸਿੱਧੀ ਬਿਜਾਈ ਹੋਈ ਸੀ, ਜਦੋਂ ਕਿ ਇਸ ਵਾਰ 30 ਹਜ਼ਾਰ ਹੈਕਟੇਅਰ ਵਿੱਚ ਝੋਨੇ ਦੀ ਸਿੱਧੀ ਬਿਜਾਈ ਹੋ ਰਹੀ ਹੈ। ਸਿੱਧੀ ਬਿਜਾਈ ਨਾਲ ਵੱਡੇ ਪੱਧਰ 'ਤੇ ਪਾਣੀ ਦੀ ਬਚਤ ਹੋ ਸਕੇਗੀ। ਦੱਸ ਦਈਏ ਕਿ ਜ਼ਿਲ੍ਹੇ ਦੇ 2 ਬਲਾਕ ਪਹਿਲਾਂ ਹੀ ਡਾਰਕ ਜ਼ੋਨ ਵਿੱਚ ਚੱਲ ਰਹੇ ਹਨ, ਜਿਸ ਕਰਕੇ ਇਹ ਬਿਜਾਈ ਡਾਰਕ ਜ਼ੋਨ ਇਲਾਕੇ ਲਈ ਚੰਗੀ ਸਿੱਧ ਹੋਵੇਗੀ। ਸਿੱਧੀ ਬਿਜਾਈ ਦੀਆਂ ਸਮੱਸਿਆਵਾਂ ਤੋਂ ਬਚਣ ਲਈ ਇਸ ਦੀ ਬਿਜਾਈ ਸਮੇਂ ਸਾਵਧਾਨੀਆਂ ਵਰਤਣ ਦੀ ਲੋੜ ਹੈ।
ਇਹ ਵੀ ਪੜ੍ਹੋ: ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਦੇਸ਼ਾਂ ਦੀ ਸੂਚੀ 'ਚ 7ਵੇਂ ਨੰਬਰ 'ਤੇ ਭਾਰਤ
ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ ਸਾਲ ਉਨ੍ਹਾਂ ਨੇ ਕੁੱਝ ਹਿੱਸੇ ਵਿੱਚ ਟਰਾਇਲ ਦੇ ਤੌਰ 'ਤੇ ਸਿੱਧੀ ਬਿਜਾਈ ਕੀਤੀ ਸੀ। ਪਰ ਇਸ ਵਾਰ ਉਹ ਆਪਣੇ ਸਾਰੇ ਖੇਤ ਵਿੱਚ ਸਿੱਧੀ ਬਿਜਾਈ ਰਾਹੀਂ ਝੋਨਾ ਲਗਾ ਰਹੇ ਹਨ। ਸਿੱਧੀ ਬਿਜਾਈ ਵਿੱਚ ਜਿੱਥੇ ਖਰਚਾ ਘੱਟ ਹੁੰਦਾ ਹੈ, ਉੱਥੇ ਝਾੜ 'ਤੇ ਵੀ ਬਹੁਤ ਅਸਰ ਨਹੀਂ ਪੈਂਦਾ।