ਬੀਕੇਯੂ ਸਿੱਧੂਪੁਰ ਨੇ ਰੋਸ ਮਾਰਚ ਕੱਢ ਕੇ ਫੂਕਿਆ ਸੂਬਾ ਸਰਕਾਰ ਦਾ ਪੁਤਲਾ, ਨਸ਼ਿਆਂ 'ਤੇ ਸਖ਼ਤੀ ਨਾਲ ਰੋਕ ਅਤੇ ਹੜ੍ਹਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ - ਪੰਜਾਬ ਦੀ ਸਿਆਸਤ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਪੰਜਾਬ ਸਰਕਾਰ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ ਕਰਦਿਆਂ ਰੋਸ ਮਾਰਚ ਕੱਢਿਆ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਨਾ ਤਾਂ ਹੁਣ ਤੱਕ ਹੜ੍ਹ ਪੀੜਤਾਂ ਲਈ ਮੁਆਵਜ਼ਾ ਜਾਰੀ ਕੀਤਾ ਅਤੇ ਨਾ ਹੀ ਨਸ਼ਿਆਂ ਉੱਤੇ ਰੋਕ ਲਾਉਣ ਲਈ ਕੋਈ ਸਖ਼ਤ ਕਦਮ ਚੁੱਕੇ ਹਨ।

ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰਾ ਵੱਲੋਂ ਸ਼ਹਿਰ ਵਿੱਚ ਰੋਸ ਮਾਰਚ ਕੱਢ ਕੇ ਡੀ ਸੀ ਦਫ਼ਤਰ ਅੱਗੇ ਸਰਕਾਰ ਦਾ ਪੁਤਲਾ ਫੂਕਿਆ ਗਿਆ। ਰੋਸ ਮਾਰਚ ਕਰੀਬ ਗਿਆਰਾਂ ਵਜੇ ਅਨਾਜ ਮੰਡੀ ਵਿੱਚੋਂ ਸ਼ੁਰੂ ਹੋਇਆ ਅਤੇ ਬੱਸ ਸਟੈਂਡ ਸਦਰ, ਬਾਜ਼ਾਰ ਅਤੇ ਪੱਕਾ ਕਾਲਜ ਰੋਡ ਤੋਂ ਹੁੰਦੇ ਹੋਏ ਕਰੀਬ 1 ਵਜੇ ਦੁਪਹਿਰ ਡੀਸੀ ਦਫਤਰ ਪਹੁੰਚਿਆ। ਉੱਥੇ ਕਿਸਾਨਾਂ ਨੇ ਸਰਕਾਰ ਦਾ ਪੁਤਲਾ ਫੂਕਿਆ।
ਸੂਬਾ ਸਰਕਾਰ ਦਾ ਪੁਤਲਾ ਫੂਕਿਆ: ਨਸ਼ਿਆਂ ਦੀ ਵਿੱਕਰੀ ਨਾ ਬੰਦ ਹੋਣ ਅਤੇ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਨਾ ਮਿਲਣ ਕਾਰਨ ਗੁੱਸੇ ਵਿੱਚ ਆਏ ਕਿਸਾਨਾਂ ਨੇ ਸੂਬਾ ਸਰਕਾਰ ਦਾ ਪੁਤਲਾ ਫੂਕਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰਾ ਦੀ ਤਰਫੋਂ ਅਨਾਜ ਮੰਡੀ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋਏ। ਇਸ ਤੋਂ ਬਾਅਦ ਉਨ੍ਹਾਂ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਅਤੇ ਰੋਸ ਮਾਰਚ ਕੱਢ ਕੇ ਡਿਪਟੀ ਕਮਿਸ਼ਨਰ ਦਫ਼ਤਰ ਪੁੱਜੇ।
ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ਵਾਲਿਆਂ ਦਾ ਕਤਲ: ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂ ਜਗਜੀਤ ਸਿੰਘ, ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਅਤੇ ਨਛੱਤਰ ਸਿੰਘ ਨੇ ਕਿਹਾ ਕਿ ਨਸ਼ਿਆਂ ਦੀ ਵਿੱਕਰੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਪਰ ਸਰਕਾਰ ਵੱਲੋਂ ਇਸ ਨੂੰ ਰੋਕਣ ਲਈ ਕੋਈ ਸਖ਼ਤ ਕਦਮ ਨਹੀਂ ਚੁੱਕੇ ਜਾ ਰਹੇ। ਉਨ੍ਹਾਂ ਕਿਹਾ ਕਿ ਜੋ ਵੀ ਨਸ਼ਿਆਂ ਵਿਰੁੱਧ ਆਵਾਜ਼ ਉਠਾਉਂਦਾ ਹੈ, ਉਸ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਜਾਂਦਾ ਹੈ। ਫਰੀਦਕੋਟ 'ਚ ਨਸ਼ਿਆਂ ਖਿਲਾਫ ਆਵਾਜ਼ ਚੁੱਕਣ ਵਾਲੇ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਪਰ ਸਰਕਾਰ ਅਜੇ ਤੱਕ ਨਹੀਂ ਜਾਗੀ। ਜਿਸ ਕਾਰਨ ਸੂਬੇ ਦੀ ਜਵਾਨੀ ਬਰਬਾਦ ਹੋ ਰਹੀ ਹੈ।
- ਬਰਨਾਲਾ ਵਿੱਚ ਸਫਾਈ ਸੇਵਕਾਂ ਦੀ ਹੜਤਾਲ ਖ਼ਤਮ, ਨਗਰ ਕੌਂਸਲ ਪ੍ਰਸ਼ਾਸਨ ਅਤੇ ਸਫ਼ਾਈ ਸੇਵਕਾਂ ਵਿੱਚ ਬਣੀ ਸਹਿਮਤੀ
- ਕੈਂਸਰ ਨਾਲ ਜੂਝ ਰਹੀ ਪਤਨੀ ਲਈ ਨਵਜੋਤ ਸਿੱਧੂ ਨੇ ਪਾਈ ਭਾਵੁਕ ਪੋਸਟ, ਕਿਹਾ- ਸਰੀਰਕ ਜ਼ਖ਼ਮ ਠੀਕ ਹੋਏ, ਪਰ ਮਾਨਸਿਕ ਨਹੀਂ
- ਮੋਹਾਲੀ ਕੋਰਟ 'ਚ ਜਗਤਾਰ ਸਿੰਘ ਹਵਾਰਾ ਦੀ ਵਿਅਕਤੀਗਤ ਤੌਰ 'ਤੇ ਹੋ ਸਕਦੀ ਹੈ ਪੇਸ਼ੀ, ਸੁਰੱਖਿਆ ਦੇ ਕਰੜੇ ਇੰਤਜ਼ਾਮ
ਸਰਕਾਰ ਦਾ ਵਾਅਦਾ ਵਫ਼ਾ ਨਹੀਂ ਹੋਇਆ: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਉਹਨਾਂ ਦੀ ਸਰਕਾਰ ਆਉਣ ਤੋਂ ਬਾਅਦ ਨਾ ਕੋਈ ਨਸ਼ੇ ਨਾਲ ਮੌਤ ਹੋਵੇਗੀ ਨਾ ਹੀ ਕੋਈ ਕਿਸਾਨ ਕਰਜੇ ਨਾਲ ਦੁਖੀ ਹੋ ਕੇ ਮਰੇਗਾ ਪਰ ਸਰਕਾਰ ਦਾ ਵਾਅਦਾ ਵਫ਼ਾ ਨਹੀਂ ਹੋਇਆ ਹੈ। ਨਸ਼ੇ ਅਤੇ ਕਰਜ਼ੇ ਦੇ ਕਾਰਨ ਲਗਾਤਾਰ ਖੁਦਕੁਸ਼ੀਆਂ ਹੋ ਰਹੀਆਂ ਹਨ। ਇਸ ਵਰਤਾਰੇ ਉੱਤੇ ਠੱਲ ਪਾਉਣ ਲਈ ਪੰਜਾਬ ਸਰਕਾਰ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦਾ ਵੀ ਵਾਅਦਾ ਕੀਤਾ ਸੀ ਪਰ ਉਹ ਵਾਅਦਾ ਵੀ ਵਫਾ ਨਹੀਂ ਹੋਇਆ। ਅੱਜ ਤੱਕ ਸਰਕਾਰ ਇਹ ਵੀ ਪਤਾ ਨਹੀਂ ਲਗਾ ਸਕੀ ਕਿ ਹੜ੍ਹ ਨੇ ਕਿੰਨੀ ਤਬਾਹੀ ਮਚਾਈ ਹੈ। ਸਰਕਾਰ ਲੋਕਾਂ ਦੀ ਸਾਰ ਲੈਣ ਲਈ ਯਤਨਸ਼ੀਲ ਨਹੀਂ ਹੈ। ਲੋਕਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ ਇਸ ਨਿਰਾਸ਼ਾ ਨੂੰ ਦੂਰ ਕਰਨ ਲਈ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।