ਬਰਨਾਲਾ: ਰੈਡ ਕ੍ਰਾਸ ਭਵਨ ਬਰਨਾਲਾ ਵਿਖੇ ਫਰੀਡਮ ਫਾਈਟਰ, ਉਤਰਾਅਧਿਕਾਰੀ ਸੰਸਥਾ (ਰਜਿ. 196) ਪੰਜਾਬ ਦੇ ਸੂਬਾ ਕਾਰਜਕਾਰਨੀ ਮੈਂਬਰਾਂ, ਜ਼ਿਲ੍ਹਾ ਪ੍ਰਧਾਨਾਂ ਅਤੇ ਸਕੱਤਰਾਂ ਦੀ ਇੱਕ ਅਹਿਮ ਮੀਟਿੰਗ ਹੋਈ। ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਕੱਢੀਆਂ ਪਟਵਾਰੀਆਂ, ਆਂਗਣਵਾੜੀ ਅਤੇ ਬਿਜਲੀ ਮਹਿਕਮੇਂ ਦੀਆਂ ਪੋਸਟਾਂ ਵਿੱਚ ਫਰੀਡਮ ਫਾਈਟਰ ਪਰਿਵਾਰਾਂ ਦਾ ਬਣਦਾ ਕੋਟਾ ਨਾ ਦੇਣ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਤੇ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਗਈ।
ਮੰਤਰੀ ਨੂੰ ਲਿਖਿਆ ਪੱਤਰ: ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਵੱਲੋਂ ਪਟਵਾਰੀਆਂ, ਆਂਗਣਵਾੜੀ ਵਰਕਰਾਂ ਅਤੇ ਬਿਜਲੀ ਮਹਿਕਮੇ ਵਿੱਚ ਪੋਸਟਾਂ ਕੱਢੀਆਂ ਗਈਆਂ ਹਨ, ਜਿਨ੍ਹਾਂ ਵਿੱਚ ਫਰੀਡਮ ਫਾਈਟਰ ਪਰਿਵਾਰਾਂ ਦੇ ਨਿਰਧਾਰਿਤ ਕੋਟੇ ਦਾ ਹੱਕ ਨਹੀਂ ਦਿੱਤਾ ਗਿਆ। ਇਸ ਸੰਬੰਧੀ ਫਰੀਡਮ ਫਾਈਟਰ ਨਾਲ ਸਬੰਧਤ ਮਾਮਲਿਆਂ ਦੇ ਮੰਤਰੀ ਚੇਤੰਨ ਸਿੰਘ ਜੋੜਾਮਾਜਰਾ ਅਤੇ ਮੁੱਖ ਮੰਤਰੀ ਪੰਜਾਬ ਨੂੰ ਈ-ਮੇਲ ਰਾਹੀਂ ਮੰਗ ਪੱਤਰ ਵੀ ਭੇਜੇ ਜਾ ਚੁੱਕੇ ਹਨ, ਪਰ ਹਾਲੇ ਤੱਕ ਇਸ ਸੰਬੰਧ ਵਿੱਚ ਕੋਈ ਜਵਾਬ ਸੰਸਥਾ ਨੂੰ ਨਹੀਂ ਮਿਲਿਆ, ਜਿਸ ਕਾਰਨ ਸਮੂਹ ਫਰੀਡਮ ਫਾਈਟਰ ਪਰਿਵਾਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਸ. ਖਾਲਸਾ ਨੇ ਦੱਸਿਆ ਕਿ ਫਰੀਡਮ ਫਾਈਟਰ ਪਰਿਵਾਰਾਂ ਦਾ ਕੋਟਾ ਪਹਿਲਾਂ ਹੀ ਕਾਫੀ ਘਟਾ ਦਿੱਤਾ ਗਿਆ ਹੈ। ਹੁਣ ਬਣਦਾ ਇੱਕ ਫੀਸਦੀ ਕੋਟਾ ਵੀ ਨਾ ਦੇ ਕੇ ਸਰਕਾਰ ਵੱਲੋਂ ਦੇਸ਼ ਭਗਤ ਪਰਿਵਾਰਾਂ ਦਾ ਹੱਕ ਖੋਹਿਆ ਜਾ ਰਿਹਾ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
11 ਮਾਰਚ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਲਾਇਆ ਜਾਵੇਗਾ ਧਰਨਾ: ਉਹਨਾਂ ਨੇ ਦੱਸਿਆ ਕਿ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਹੈ ਕਿ ਜੇਕਰ 10 ਮਾਰਚ ਤੱਕ ਪੋਸਟਾਂ ਵਿੱਚ ਬਣਦੇ ਕੋਟੇ ਮੁਤਾਬਿਕ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਗਿਆ ਤਾਂ 11 ਮਾਰਚ ਨੂੰ ਮੁੱਖ ਮੰਤਰੀ ਪੰਜਾਬ ਦੀ ਕੋਠੀ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਾਇਆ ਜਾਵੇਗਾ। ਇਸ ਮੌਕੇ ਮੰਗ ਕੀਤੀ ਗਈ ਕਿ ਸਰਕਾਰੀ ਨੌਕਰੀਆਂ ਵਿੱਚ ਫਰੀਡਮ ਫਾਈਟਰ ਪਰਿਵਾਰਾਂ ਨੂੰ ਚੌਥੀ ਪੀੜੀ ਤੱਕ ਪਹਿਲਾਂ ਦੀ ਤਰ੍ਹਾਂ 5 ਫੀਸਦੀ ਕੋਟਾ ਲਾਗੂ ਕਰੇ।
ਇਹ ਵੀ ਪੜੋ: Hukamnama (5 March, 2023) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ
ਫਰੀਡਮ ਫਾਈਟਰ ਪਰਿਵਾਰਾਂ ਨੂੰ ਸਨਮਾਨ ਪੈਨਸ਼ਨ ਲਾਗੂ ਕਰੇ ਸਰਕਾਰ: ਉੱਤਰਾਖੰਡ ਸਰਕਾਰ ਦੀ ਤਰਜ 'ਤੇ ਫਰੀਡਮ ਫਾਈਟਰ ਪਰਿਵਾਰਾਂ ਨੂੰ ਸਨਮਾਨ ਪੈਨਸ਼ਨ ਲਾਗੂ ਕਰੇ ਅਤੇ ਪੁੱਡਾ ਵੱਲੋਂ ਕੱਟੇ ਜਾ ਰਹੇ ਪਲਾਟਾਂ ਵਿੱਚ ਫਰੀਡਮ ਫਾਈਟਰ ਪਰਿਵਾਰਾਂ ਨੂੰ ਸ਼ਾਮਲ ਕਰਕੇ ਬਣਦਾ ਹੱਕ ਦਿੱਤਾ ਜਾਵੇ। ਇਸ ਮੌਕੇ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਇਹ ਸੰਘਰਸ਼ ਹੋਰ ਵੀ ਤੀਖਾ ਕੀਤਾ ਜਾਵੇਗਾ ਤੇ ਸੂਬਾ ਪੱਧਰੀ ਧਰਨੇ ਵੀ ਦਿੱਤੇ ਜਾਣਗੇ।