ਬਰਨਾਲਾ: ਪਿੰਡ ਕੈਰੇ ’ਚ ਇਕ ਨੌਜਵਾਨ ਵਲੋਂ ਕਰਜ਼ੇ ਕਾਰਨ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਅਮਰੀਕ ਸਿੰਘ (28) ਦੇ ਪਿਤਾ ਬਲਵੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਹ ਕਿਸਾਨੀ ਨਾਲ ਸਬੰਧਤ ਹਨ ਅਤੇ ਉਨਾਂ ਦੇ ਪਰਿਵਾਰ ਸਿਰ 15 ਲੱਖ ਦੇ ਕਰੀਬ ਕਰਜ਼ਾ ਹੈ।
ਲਗਾਤਾਰ ਪਿਛਲੇ ਦੋ ਸਾਲਾਂ ਤੋਂ ਨਿਕਲ ਰਿਹਾ ਸੀ ਫ਼ਸਲ ਦਾ ਝਾੜ ਘੱਟ
ਪਿਤਾ ਬਲਵੀਰ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਉਨ੍ਹਾਂ ਖੇਤਾਂ ’ਚ ਮਿੱਟੀ ਪੁਆਈ ਸੀ, ਤੇ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਫ਼ਸਲ ਦਾ ਝਾੜ ਘੱਟ ਆਉਣ ਕਾਰਨ ਉਨ੍ਹਾਂ ਦਾ ਪਰਿਵਾਰ ਕਰਜ਼ੇ ਦਾ ਮਾਰ ਹੇਠ ਆ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਅਮਰੀਕ ਸਿੰਘ ਕਰਜ਼ੇ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗਿਆ, ਇਸੇ ਕਾਰਨ ਉਸ ਵਲੋਂ ਜ਼ਹਿਰ ਨਿਗਲ ਲਿਆ ਗਿਆ।
ਵੈਰਾਗ ’ਚ ਦਾਦੀ ਨੇ ਤਿਆਗੇ ਪ੍ਰਾਣ
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਾਂ ਵੀ ਪੋਤੇ ਦਾ ਵਿਛੋੜਾ ਸਹਿ ਨਾ ਸਕੀ, ਕੁਝ ਦਿਨਾਂ ਬਾਅਦ ਉਹ ਵੀ ਅਕਾਲ ਚਲਾਣਾ ਕਰ ਗਈ। ਪਹਿਲਾਂ ਪੋਤਾ ਤੇ ਕੁਝ ਦਿਨਾਂ ਬਾਅਦ ਦਾਦੀ ਦੀ ਮੌਤ ਹੋਣ ਜਾਣ ’ਤੇ ਸਾਰੇ ਪਿੰਡ ’ਚ ਸੋਗ ਦਾ ਮਾਹੌਲ ਹੈ। ਇਸ ਮੌਕੇ ਸਰਪੰਚ ਅਮਰਜੀਤ ਕੌਰ ਨੇ ਸਰਕਾਰ ਤੋਂ ਮ੍ਰਿਤਕ ਨੌਜਵਾਨ ਦੇ ਪਰਿਵਾਰ ਦਾ ਕਰਜ਼ਾ ਮੁਆਫ਼ ਕਰਨ ਅਤੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ।