ਬਰਨਾਲਾ: ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਮੱਖਣ ਰਾਮ ਦੇ ਪਿਤਾ ਪ੍ਰਕਾਸ਼ ਰਾਮ ਨੇ ਦੱਸਿਆ ਕਿ ਉਸਦਾ ਲੜਕਾ ਮਜ਼ਦੂਰੀ ਦਾ ਕੰਮ ਕਰਦਾ ਸੀ। ਪਿਛਲੇ ਕੁੱਝ ਸਮੇਂ ਤੋਂ ਉਹ ਮੈਡੀਕਲ ਨਸ਼ੇ ਦਾ ਆਦੀ ਸੀ। ਪਿਛਲੇ ਕੁੱਝ ਦਿਨ ਪਹਿਲਾਂ ਉਸਨੇ ਬਰਨਾਲਾ ਤੋਂ ਲਿਆ ਕੇ ਇੱਕ ਮੈਡੀਕਲ ਨਸ਼ੇ ਦਾ ਕੈਪਸੂਲ ਖਾ ਲਿਆ। ਜਿਸ ਨਾਲ ਉਸਦੀ ਹਾਲਤ ਗੰਭੀਰ ਹੋ ਗਈ ਅਤੇ ਉਸਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸਦੀ ਮੌਤ ਹੋ ਗਈ ਹੈ।
ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦਾ ਕਰੀਬ ਅੱਠ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਸਦੇ ਤਿੰਨ ਛੋਟੀਆਂ ਲੜਕੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇ ਨਾਲ ਦੋ ਹੋਰ ਨੌਜਵਾਨਾਂ ਨੇ ਇਹ ਮੈਡੀਕਲ ਕੈਪਸੂਲ ਖਾਧਾ ਦੱਸਿਆ ਜਾ ਰਿਹਾ ਹੈ। ਜਿਹਨਾਂ ਵਿੱਚੋਂ ਇੱਕ ਨੌਜਵਾਨ ਦੀ ਹਾਲਤ ਵੀ ਗੰਭੀਰ ਹੈ।
ਪਿੰਡ ਦੇ ਸਮਾਜ ਸੇਵੀ ਜਗਸੀਰ ਸਿੰਘ ਚੀਮਾ ਨੇ ਕਿਹਾ ਕਿ ਨਸ਼ੇ ਦਾ ਦੈਂਤ ਲਗਾਤਾਰ ਪੰਜਾਬ ਦੀ ਜਵਾਨੀ ਨੂੰ ਨਿਗਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੀ ਨਸ਼ਾ ਰੋਕਣ 'ਚ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਮੌਤ ਨੇ ਉਸਦਾ ਸਾਰਾ ਪਰਿਵਾਰ ਬਰਬਾਦ ਕਰ ਦਿੱਤਾ ਹੈ। ਉਸਦੀ ਪਤਨੀ ਅਤੇ ਬੱਚੀਆਂ ਦਾ ਹੁਣ ਕੋਈ ਸਹਾਰਾ ਨਹੀਂ ਰਿਹਾ। ਇਸ ਦੇ ਨਾਲ ਹੀ ਉਨ੍ਹਾਂ ਅਪੀਲ ਕੀਤੀ ਕਿ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਇਸ ਪਰਿਵਾਰ ਦੀ ਮੱਦਦ ਲਈ ਅੱਗੇ ਆਉਣ, ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਨਸ਼ਾ ਰੋਕਣ ਲਈ ਲੋਕਾਂ ਨੂੰ ਲਾਮਬੰਦ ਹੋਣ ਦੀ ਲੋੜ ਹੈ।
ਇਹ ਵੀ ਪੜ੍ਹੋ:ਕੋਰੋਨਾ ਨੂੰ ਲੈਕੇ ਪੀਜੀਆਈ ਮਾਹਿਰਾਂ ਨੇ ਕੀਤੀ ਇਹ ਭਵਿੱਖਬਾਣੀ