ਬਰਨਾਲਾ:ਕੋਰੋਨਾ ਵਾਇਰਸ (Corona virus) ਦਾ ਖਤਰਾ ਹੁਣ ਸਕੂਲਾਂ ‘ਤੇ ਛਾਇਆ ਹੋਇਆ ਹੈ। ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਬਾਰਵੀਂ ਜਮਾਤ ਦੇ ਵਿਦਿਆਰਥੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਸੋਮਵਾਰ ਸਵੇਰ ਤੋਂ ਇੱਕ ਅਫ਼ਵਾਹ ਫੈਲੀ ਹੋਈ ਸੀ ਕਿ ਜ਼ਿਲ੍ਹੇ ਦੇ ਕਿਸੇ ਇੱਕ ਸਕੂਲ ਵਿੱਚ ਵਿਦਿਆਰਥੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ, ਜਿਸਦਾ ਅਧਿਕਾਰੀਆਂ ਵਲੋਂ ਖੰਡਨ ਕੀਤਾ ਗਿਆ। ਜਦਕਿ ਧਨੌਲਾ ਸਕੂਲ ਵਿੱਚ ਇੱਕ ਬੱਚੇ ਦੀ ਰਿਪੋਰਟ ਪਾਜ਼ੀਟਿਵ ਆਉਣ ਦੀ ਪੁਸ਼ਟੀ ਸਿਹਤ ਅਤੇ ਸਿੱਖਿਆ ਅਧਿਕਾਰੀਆਂ ਦੋਵਾਂ ਵਲੋਂ ਕੀਤੀ ਗਈ।
ਸਿਵਲ ਸਰਜਨ ਡਾ.ਜਸਵੀਰ ਸਿੰਘ ਔਲਖ ਨੇ ਕਿਹਾ ਕਿ ਸਰਕਾਰੀ ਹਦਾਇਤਾਂ ਅਨੁਸਾਰ ਧਨੌਲਾ ਸਕੂਲ ਦੇ 750 ਵਿਦਿਆਰਥੀਆਂ ਦੇ ਕੋਰੋਨਾ ਟੈਸਟ ਕਰਵਾਏ ਗਏ। ਜਿਹਨਾਂ ਵਿੱਚੋਂ ਬਾਰਵੀਂ ਜਮਾਤ ਦੇ ਵਿਦਿਆਰਥੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਵਿਦਿਆਰਥੀਆਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਕੋਰੋਨਾ ਮਹਾਮਾਰੀ (Corona epidemic) ਤੋਂ ਬਚਾਅ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਰਬਜੀਤ ਸਿੰਘ ਤੂਰ ਨੇ ਦੱਸਿਆ ਕਿ ਧਨੌਲਾ ਸਕੂਲ ਵਿੱਚ ਬਾਰਵੀਂ ਜਮਾਤ ਦੇ ਇੱਕ ਵਿਦਿਆਰਥੀ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਕਲਾਸ ਦੇ ਸਾਰੇ ਵਿਦਿਆਰਥੀਆਂ ਨੂੰ 15 ਦਿਨਾਂ ਲਈ ਘਰਾਂ ਵਿੱਚ ਇਕਾਂਤਵਾਸ ਕਰ ਦਿੱਤਾ ਗਿਆ ਹੈ। ਸਕੂਲ ਸਟਾਫ ਵੱਲੋਂ ਇਹਨਾਂ ਵਿਦਿਆਰਥੀਆਂ ਦੀ ਸਿਹਤ ਦਾ ਧਿਆਨ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ:Corona Virus: ਪੰਜਾਬ ਸਰਕਾਰ ਦੀ ਸਖ਼ਤੀ, ਰੇਲਵੇ ਵਿਭਾਗ ਬੇਖ਼ਬਰ !