ਬਰਨਾਲਾ : ਡਾ.ਰਘੁਬੀਰ ਪ੍ਰਕਾਸ਼ ਐਸਡੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਖੇਤੀ ਬਿਲਾਂ ਨੂੰ ਰੱਦ ਕਰਨ ਨੂੰ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ‘ਸੰਕਲਪ ਦਿਹਾੜਾ’ ਮਨਾਇਆ ਗਿਆ। ਇਸ ਮੌਕੇ ਐੱਸਡੀ ਕਾਲਜ ਵਿਦਿਅਕ ਸੰਸਥਾਵਾਂ ਦੀ ਪ੍ਰਬੰਧਕ ਕਮੇਟੀ ਦੀ ਅਗਵਾਈ ਵਿਚ ਸੰਸਥਾ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ‘ ਦੇਹ ਸ਼ਿਵਾ ਬਰੁ ਮੋਹੇ ਇਹੈ..’ ਸ਼ਬਦ ਦਾ ਗਾਇਨ ਕਰਦਿਆਂ ਸੰਘਰਸ਼ ਨੂੰ ਕਾਮਯਾਬ ਕਰਨ ਲਈ ਸੰਕਲਪ ਲਿਆ।
ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਜਨਰਲ ਸਕੱਤਰ ਜਤਿੰਦਰ ਨਾਥ ਸ਼ਰਮਾ ਨੇ ਕਿਹਾ ਕਿ ਅਸਲ ਵਿੱਚ ਇਹ ਸਿਰਫ਼ ਕਿਸਾਨਾਂ ਦਾ ਅੰਦੋਲਨ ਨਹੀਂ ਹੈ ਸਗੋਂ ਸਮਾਜ ਦਾ ਹਰ ਵਰਗ ਇਸ ਨਵੇਂ ਕਾਨੂੰਨਾਂ ਨਾਲ ਬੁਰੀ ਤਰਾਂ ਪ੍ਰਭਾਵਿਤ ਹੋਵੇਗਾ। ਕੇਂਦਰ ਸਰਕਾਰ ਨੂੰ ਆਪਣੀ ਜ਼ਿੱਦ ਛੱਡ ਕੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਦਸਮ ਪਿਤਾ ਦੇ ਜਨਮ ਦਿਹਾੜੇ ’ਤੇ ਲਿਆ ਇਹ ਸੰਕਲਪ ਅਜਾਈਂ ਨਹੀਂ ਜਾਵੇਗਾ।
ਡਾਇਰੈਕਟਰ ਹਰਦਿਆਲ ਸਿੰਘ ਅੱਤਰੀ ਨੇ ਕਿਹਾ ਕਿ ਇਹ ਕਾਨੂੰਨ ਸਿਰਫ਼ ਆਰਥਿਕ ਸਰੋਕਾਰਾਂ ਨਾਲ ਹੀ ਨਹੀਂ ਜੁੜੇ ਸਗੋਂ ਇਹ ਕਾਨੂੰਨਾਂ ਕਰ ਕੇ ਸਮਾਜਿਕ ਪਾੜਾ ਵਧੇਗਾ। ਉਹਨਾਂ ਕਿਹਾ ਕਿ ਪੜੇ ਲਿਖੇ ਵਰਗ ਨੂੰ ਇਸ ਨਾਜ਼ੁਕ ਮੌਕੇ ’ਤੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।
ਸਕੂਲ ਪ੍ਰਿੰਸੀਪਲ ਕਸ਼ਮੀਰ ਸਿੰਘ ਨੇ ਧੰਨਵਾਦੀ ਸ਼ਬਦ ਕਹਿੰਦਿਆਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀ ਰਾਜਨੀਤਿਕ ਤੌਰ ’ਤੇ ਚੇਤੰਨ ਹੋ ਕੇ ਸਰਕਾਰ ਦੀਆਂ ਮਨਮਰਜ਼ੀਆਂ ’ਤੇ ਲਗਾਮ ਲਾਉਣ ਵਿਚ ਮੋਹਰੀ ਭੂਮਿਕਾ ਨਿਭਾਉਣਗੇ।