ਬਰਨਾਲਾ: ਕਸਬਾ ਭਦੌੜ 'ਚ ਚੋਰਾਂ ਦੇ ਹੌਂਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ ਰਹੇ ਹਨ, ਜਿਸ ਦੀ ਤਾਜ਼ਾ ਮਿਸਾਲ ਬੀਤੀ ਰਾਤ ਕਸਬਾ ਭਦੌੜ ਵਿਖੇ ਇਕੋ ਰਾਤ ਅੰਦਰ ਦੋ ਘਰਾਂ ਵਿੱਚ ਹੋਈਆਂ ਚੋਰੀਆਂ ਬਿਆਨ ਕਰਦੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਟੇਕ ਚੰਦ ਨੇ ਦੱਸਿਆ ਕਿ ਕਿਸਾਨ ਕੇਵਲ ਸਿੰਘ ਵਾਸੀ ਕੋਠੇ ਖਿਉਣ ਸਿੰਘ ਛੰਨਾਂ ਰੋਡ ਨੇ ਆਪਣੇ ਬਿਆਨ ਵਿੱਚ ਦੱਸਿਆ ਹੈ ਕਿ ਬੀਤੀ ਰਾਤ ਉਹ ਪਰਿਵਾਰ ਸਮੇਤ ਆਪਣੇ ਘਰ ਦੇ ਵੇਹੜੇ ਵਿਚ ਸੁੱਤੇ ਪਏ ਸਨ। ਜਦ ਸਵੇਰੇ ਉੱਠੇ ਤਾਂ ਘਰ ਦੇ ਸਾਰੇ ਦਰਵਾਜ਼ੇ ਖੁੱਲ੍ਹੇ ਪਏ ਸਨ ਅਤੇ ਸਮਾਨ ਇਧਰ-ਉਧਰ ਖਿਲਰਿਆ ਪਿਆ ਸੀ।
ਜਦ ਬਾਰੀਕੀ ਨਾਲ ਘਰ ਦਾ ਸਮਾਨ ਦੇਖਿਆ ਤਾਂ ਵੇਚੇ ਟਰੈਕਟਰ ਦੀ ਰਾਸ਼ੀ ਇੱਕ ਲੱਖ 43 ਹਜ਼ਾਰ ਕਿੱਟ ਸਮੇਤ ਗਾਇਬ ਸਨ ਅਤੇ ਇਕ ਸੋਨੇ ਦੀ ਛਾਪ, ਟੋਪਸ ਅਤੇ ਚਾਂਦੀ ਦੀਆਂ ਝਾਂਜਰਾਂ ਅਲਮਾਰੀ ਵਿੱਚੋ ਗਾਇਬ ਸਨ।
ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਦੇ ਕੇਵਲ ਸਿੰਘ ਦੇ ਗੁਆਂਢੀ ਮਹਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਦੇ ਘਰੋਂ ਪੰਜ ਤੋਲੇ ਸੋਨਾ ਅਤੇ ਦੋ ਤੋਲੇ ਚਾਂਦੀ ਦੀਆਂ ਝਾਂਜਰਾਂ ਚੋਰੀ ਹੋ ਗਈਆਂ ਹਨ।
ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਭਦੌੜ ਖੇਤਰ 'ਚ ਦਿਨੋ-ਦਿਨ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਲੈ ਕੇ ਲੋਕਾਂ ਅੰਦਰ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਥਾਣਾ ਭਦੌੜ ਦੇ ਮੁੱਖ ਅਫ਼ਸਰ ਇੰਸਪੈਟਕਰ ਗੁਰਵੀਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਚੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।