ਬਰਨਾਲਾ: ਸ਼ਹਿਰ ਦੇ ਰਿਹਾਇਸ਼ੀ ਕਲੋਨੀ ਵਿੱਚ ਸ਼ਨਿੱਚਰਵਾਰ ਰਾਤ ਨੂੰ ਚੋਰਾਂ ਵੱਲੋਂ ਚੋਰੀ ਦੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਚੋਰ ਲੱਖਾਂ ਦੀ ਨਕਦੀ, ਸੋਨਾ, ਚਾਂਦੀ ਸਮੇਤ ਇੱਕ ਐਕਟਿਵਾ ਲੈ ਕੇ ਫ਼ਰਾਰ ਹੋ ਗਏ। ਬਰਨਾਲਾ ਪੁਲਿਸ ਨੇ ਡੌਗ ਸਕੁਆਡ, ਫ਼ਿੰਗਰ ਪ੍ਰਿੰਟ ਐਕਸਪਰਟ ਅਤੇ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਚੋਰਾਂ ਵੱਲੋਂ ਕੋਈ ਨਸ਼ੀਲੀ ਚੀਜ਼ ਸੁੰਘਾਈ ਗਈ ਹੈ, ਜਿਸ ਕਰਕੇ ਉਨ੍ਹਾਂ ਨੂੰ ਸਵੇਰ ਤੱਕ ਚੋਰੀ ਬਾਰੇ ਬਿਲਕੁਲ ਵੀ ਪਤਾ ਨਹੀਂ ਲੱਗਿਆ ਅਤੇ ਸਵੇਰ ਸਮੇਂ ਕਿਰਾਏਦਾਰਾਂ ਨੇ ਘਰ ਦਾ ਸਮਾਨ ਖਿਲਰਿਆ ਹੋਣ ’ਤੇ ਉਨ੍ਹਾਂ ਨੂੰ ਇਸ ਵਾਰਦਾਤ ਬਾਰੇ ਜਾਣਕਾਰੀ ਦਿੱਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਧਰਮਪਾਲ ਸ਼ਰਮਾ ਅਤੇ ਉਸਦੀ ਪਤਨੀ ਅੰਜੂ ਸ਼ਰਮਾ ਨੇ ਦੱਸਿਆ ਕਿ ਉਹ ਰਾਤ ਨੂੰ 11 ਵਜੇ ਦੇ ਕਰੀਬ ਸੌਂ ਗਏ ਸਨ। ਉਨ੍ਹਾਂ ਦੇ ਪਰਿਵਾਰ ਦੇ ਪੰਜ ਮੈਂਬਰ ਇੱਕੋ ਕਮਰੇ ਵਿੱਚ ਸੌਂ ਰਹੇ ਸਨ। ਸਵੇਰ ਸਮੇਂ ਜਦੋਂ ਉਹ ਉੱਠੇ ਤਾਂ ਉਨ੍ਹਾਂ ਦਾ ਸਿਰ ਭਾਰੀ-ਭਾਰੀ ਲੱਗ ਰਿਹਾ ਸੀ, ਜਿਵੇਂ ਕਿਸੇ ਨੇ ਉਨ੍ਹਾਂ ਨੂੰ ਨਸ਼ੀਲੀ ਚੀਜ਼ ਸੁੰਘਾਈ ਹੋਵੇ। ਘਰ ਦੇ ਕਿਰਾਏਦਾਰਾਂ ਨੇ ਘਰ ਦਾ ਸਮਾਨ ਖਿਲਰਿਆ ਦੇਖਿਆ ਤਾਂ ਉਨ੍ਹਾਂ ਨੂੰ ਚੋਰੀ ਦੀ ਵਾਰਦਾਤ ਬਾਰੇ ਪਤਾ ਲੱਗਿਆ, ਜਿਸਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਇਸਦੀ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਅਲਮਾਰੀ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ। ਅਲਮਾਰੀ ਵਿੱਚੋਂ 8 ਤੋਲੇ ਸੋਨਾ, ਚਾਂਦੀ ਅਤੇ ਨਕਦੀ ਚੋਰ ਚੋਰੀ ਕਰਕੇ ਲੈ ਗਏ।
ਇਹ ਵੀ ਪੜੋ: ਬਹਿਬਲ ਕਲਾਂ ਗੋਲੀਕਾਂਡ: ਪੰਕਜ ਬਾਂਸਲ ਤੇ ਸੁਹੇਲ ਬਰਾੜ ਨੂੰ 24 ਜੂਨ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ
ਇਸ ਸਬੰਧੀ ਜਾਂਚ ਕਰਨ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਡੌਗ ਸਕੁਆਡ, ਫਿੰਗਰ ਪ੍ਰਿੰਟ ਮਾਹਰਾਂ ਦੀ ਮਦਦ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਸੀਸੀਟੀਵੀ ਕੈਮਰੇ ਵੀ ਦੇਖੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।