ਬਰਨਾਲਾ: ਕੈਨੇਡਾ ਵਿੱਚ ਹੋ ਰਹੀਆਂ ਫ਼ੈਡਰਲ ਚੋਣਾਂ ਵਿੱਚ ਤੀਜੀ ਵੱਡੀ ਧਿਰ ਵਜੋਂ ਉਭਰ ਕੇ ਸਾਹਮਣੇ ਆਈ ਐਨਡੀਪੀ (ਨਿਊ ਡੈਮੋਕ੍ਰੈਟਿਕ ਪਾਰਟੀ) ਦੇ ਲੀਡਰ ਜਗਮੀਤ ਸਿੰਘ ਦੀ ਜਿੱਤ ਲਈ, ਉਨ੍ਹਾਂ ਦਾ ਪੂਰਾ ਜ਼ੱਦੀ ਪਿੰਡ ਠੀਕਰੀਵਾਲਾ ਅਰਦਾਸ ਕਰ ਰਿਹਾ ਹੈ। ਪਿੰਡ ਠੀਕਰੀਵਾਲ ਦੇ ਰਹਿਣ ਵਾਲੇ ਸ਼ਹੀਦ ਸਰਦਾਰ ਸੇਵਾ ਸਿੰਘ ਨੇ ਭਾਰਤ ਦੀ ਆਜ਼ਾਦੀ ਲਈ ਅੱਗੇ ਹੋ ਕੇ ਸੰਘਰਸ਼ ਲੜਿਆ ਸੀ। ਜਗਮੀਤ ਸਿੰਘ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਪੜਪੋਤੇ ਹਨ ਜਿਸ ਕਰਕੇ ਪੂਰੇ ਠੀਕਰੀਵਾਲਾ ਪਿੰਡ ਵਿੱਚ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਹੈ।
ਪਿੰਡ ਵਾਸੀਆਂ ਵਲੋਂ ਮਿਲ ਕੇ ਜਗਮੀਤ ਦੀ ਜਿੱਤ ਲਈ ਗੁਰਦੁਆਰਾ ਸਾਹਿਬ ਇਕੱਠੇ ਹੋ ਕੇ ਅਰਦਾਸ ਕਰਵਾਈ ਗਈ ਹੈ। ਪਿੰਡ ਵਾਸੀਆਂ ਵਲੋਂ ਕੈਨੇਡਾ ਵਿੱਚ ਰਹਿੰਦੇ ਸਿੱਖਾਂ ਅਤੇ ਪੰਜਾਬੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਜਗਮੀਤ ਸਿੰਘ ਦੀ ਪਾਰਟੀ ਨੂੰ ਵੋਟ ਪਾ ਕੇ ਜਿਤਾਉਣ ਤਾਂ, ਜੋ ਉਹ ਕੈਨੇਡਾ ਦਾ ਆਉਣ ਵਾਲੇ ਪ੍ਰਧਾਨ ਮੰਤਰੀ ਬਣ ਸਕਣ। ਜਗਮੀਤ ਸਿੰਘ ਦਾ ਕੋਈ ਵੀ ਪਰਿਵਾਰਕ ਮੈਂਬਰ ਪਿੰਡ ਵਿੱਚ ਨਹੀਂ ਰਹਿੰਦਾ, ਪਰ ਫ਼ਿਰ ਵੀ ਪਿੰਡ ਵਾਸੀ ਉਨ੍ਹਾਂ ਦੀ ਜਿੱਤ ਲਈ ਦੁਆਵਾਂ ਮੰਗ ਰਹੇ ਹਨ।
40 ਸਾਲਾ ਜਗਮੀਤ ਸਿੰਘ ਪਿਛਲੇ ਕਰੀਬ 2 ਸਾਲ ਪਹਿਲਾਂ ਐਨਡੀਪੀ ਦੇ ਲੀਡਰ ਚੁਣੇ ਗਏ ਸਨ। ਆਪਣੇ ਵੱਖਰੇ ਪਹਿਰਾਵੇ ਅਤੇ ਭਾਸ਼ਣ ਰਾਹੀਂ ਕੈਨੇਡਾ ਵਾਸੀਆਂ ਦਾ ਆਪਣੇ ਵੱਲ ਧਿਆਨ ਖਿੱਚਣ ਵਿੱਚ ਜਗਮੀਤ ਸਿੰਘ ਕਾਮਯਾਬ ਹੋਏ ਸਨ।
ਜਗਮੀਤ ਸਿੰਘ ਨੂੰ ਭਾਰਤ ਆਉਣ ਲਈ ਕੀਤਾ ਗਿਆ ਬੈਨ
ਜਗਮੀਤ ਸਿੰਘ ਕੈਨੇਡਾ ਵਿੱਚ ਉਸ ਸਮੇਂ ਚਰਚਾ ਵਿੱਚ ਆਏ ਸਨ, ਜਦੋਂ ਸਿੱਖ ਕਤਲੇਆਮ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕਾਂਗਰਸ ਪਾਰਟੀ ਦੇ ਲੀਡਰ ਕਮਲ ਨਾਥ ਕੈਨੇਡਾ ਦੌਰੇ 'ਤੇ ਗਏ ਸਨ। ਇਸ ਦੌਰਾਨ ਕਮਲ ਨਾਥ ਦਾ ਸਿੱਖਾਂ ਵਲੋਂ ਵੱਡੇ ਪੱਧਰ 'ਤੇ ਵਿਰੋਧ ਕੀਤਾ ਗਿਆ ਸੀ। ਇਸ ਵਿਰੋਧ ਦੌਰਾਨ ਜਗਮੀਤ ਸਿੰਘ ਨੇ ਅੱਗੇ ਹੋ ਕੇ ਭੂਮਿਕਾ ਨਿਭਾਈ ਸੀ ਜਿਸ ਕਰਕੇ ਭਾਰਤ ਸਰਕਾਰ ਨੇ 2013 ਵਿੱਚ ਜਗਮੀਤ ਸਿੰਘ ਦਾ ਭਾਰਤ ਦਾ ਵੀਜ਼ਾ ਰੱਦ ਕਰ ਦਿੱਤਾ ਸੀ ਅਤੇ ਇਸ ਨੂੰ ਭਾਰਤ ਤੋਂ ਬਲੈਕ ਲਿਸਟ ਸੂਚੀ ਵਿੱਚ ਪਾ ਦਿੱਤਾ ਗਿਆ ਸੀ। ਜਗਮੀਤ ਸਿੰਘ ਭਾਰਤ ਵਿੱਚ ਸਿੱਖਾਂ ਨਾਲ ਹੁੰਦੀਆਂ ਧੱਕੇਸ਼ਾਹੀਆਂ, 1984 ਕਤਲੇਆਮ, ਦਰਬਾਰ ਸਾਹਿਬ 'ਤੇ ਹਮਲੇ ਖਿਲਾਫ਼ ਬੋਲਦੇ ਰਹੇ ਹਨ। ਇਸ ਗੱਲ ਦਾ ਅੱਜ ਤੱਕ ਪਿੰਡ ਠੀਕਰੀਵਾਲ ਦੇ ਲੋਕ ਰੋਸ ਜ਼ਾਹਰ ਕਰ ਰਹੇ ਹਨ।
ਕੈਨੇਡਾ ਦੀਆਂ ਇਹਨਾਂ ਚੋਣਾਂ ਵਿੱਚ ਕੌਣ ਜਿੱਤੇਗਾ, ਇਹ ਤਾਂ ਆਉਣ ਵਾਲਾ ਭਵਿੱਖ ਹੀ ਦੱਸੇਗਾ। ਪਰ ਇਨ੍ਹਾਂ ਚੋਣਾਂ ਨੇ ਜਗਮੀਤ ਸਿੰਘ ਅਤੇ ਬਰਨਾਲਾ ਦੇ ਪਿੰਡ ਠੀਕਰੀਵਾਲ ਨੂੰ ਦੁਨੀਆਂ ਪੱਧਰ 'ਤੇ ਜ਼ਰੂਰ ਉਭਾਰ ਦਿੱਤਾ ਹੈ।