ਬਰਨਾਲਾ: ਨਗਰ ਕੌਂਸਲ ਚੋਣਾਂ ਦੇ ਆਖ਼ਰੀ ਪੜਾਅ ਦੌਰਾਨ ਬਰਨਾਲਾ ਵਿਖੇ ਹੰਗਾਮਾ ਹੋ ਗਿਆ। ਸ਼ਹਿਰ ਦੇ ਵਾਰਡ ਨੰਬਰ 22 ਵਿੱਚ ਆਜ਼ਾਦ ਉਮੀਦਵਾਰ ਅਤੇ ਉਸਦੇ ਸਮਰੱਥਕਾਂ ਵਲੋਂ ਕੁੱਝ ਸ਼ਰਾਰਤੀ ਅਨਸਰਾਂ ’ਤੇ ਪੋਲਿੰਗ ਸਟੇਸ਼ਨ ਦੀ ਕੰਧ ਟੱਪ ਕੇ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ ਗਏ।
ਇਸ ਧੱਕੇਸ਼ਾਹੀ ਦੀ ਵੀਡੀਓ ਬਣਾ ਰਹੇ ਇੱਕ ਨੌਜਵਾਨ ਦਾ ਮੋਬਾਇਲ ਵੀ ਸ਼ਰਾਰਤ ਅਨਸਰਾਂ ਵੱਲੋਂ ਖੋਹ ਕੇ ਤੋੜ ਦਿੱਤਾ ਗਿਆ। ਜਿਸਦੇ ਰੋਸ ਵਜੋਂ ਆਜ਼ਾਦ ਉਮੀਦਵਾਰ ਅਤੇ ਉਸਦੇ ਸਮਰਥਕਾਂ ਵੱਲੋਂ ਪੋਲਿੰਗ ਸਟੇਸ਼ਨ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ। ਧਰਨਾਕਾਰੀਆਂ ਨੇ ਮੋਬਾਇਲ ਤੋੜਨ ਵਾਲੇ ਅਤੇ ਮਾਹੌਲ ਖ਼ਰਾਬ ਕਰਨ ਵਾਲੇ ਸ਼ਰਾਰਤੀ ਅਨਸਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ।
ਭਾਵੇਂ ਪੁਲਿਸ ਪ੍ਰਸ਼ਾਸ਼ਨ ਵਲੋਂ ਧਰਨਾਕਾਰੀ ਆਜ਼ਾਦ ਉਮੀਦਵਾਰ ਅਤੇ ਉਸਦੇ ਸਮਰਥਕਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ, ਪਰ ਧਰਨਾਕਾਰੀਆਂ ਨੇ ਕਿਹਾ ਹੈ ਕਿ ਜੇਕਰ ਸ਼ਰਾਰਤੀ ਅਨਸਰਾਂ ਵਿਰੁੱਧ ਕਾਰਵਾਈ ਨਾ ਹੋਈ ਤਾਂ ਉਹ ਥਾਣੇ ਅੱਗੇ ਧਰਨਾ ਦੇਣ ਲਈ ਮਜਬੂਰ ਹੋਣਗੇ। ਉਧਰ ਪੂਰੇ ਬਰਨਾਲਾ ਜ਼ਿਲ੍ਹੇ ਵਿੱਚ ਹੋਈਆਂ ਨਗਰ ਕੌਸ਼ਲ ਚੋਣਾਂ ਦੌਰਾਨ ਭਾਵੇਂ ਹਲਕੀਆਂ ਫ਼ੁਲਕੀਆਂ ਝੜਪਾਂ ਜ਼ਰੂਰ ਹੋਈਆਂ ਹਨ। ਪਰ ਚੋਣ ਪ੍ਰਕਿਰਿਆ ਅਮਨ ਸ਼ਾਂਤੀ ਨਾਲ ਨੇਪਰੇ ਚੜ੍ਹ ਗਈ।