ਬਰਨਾਲਾ : ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਭਰ ਵਿੱਚ ਲਗਾਤਾਰ ਦੂਜੀ ਲਹਿਰ ਚੱਲ ਰਹੀ ਹੈ ਤੇ ਲਗਾਤਾਰ ਕੋਰੋਨਾ ਕੇਸ ਵੱਧ ਰਹੇ ਹਨ। ਜਿਸ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਸਖ਼ਤੀ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਨੂੰ ਧਿਆਨ 'ਚ ਰੱਖਦਿਆਂ ਬਰਨਾਲਾ ਜ਼ਿਲ੍ਹੇ ਵਿੱਚ ਸਿਹਤ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਮਾਸਕ ਪਾਉਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਬਰਨਾਲਾ ਪੁਲਿਸ ਵੱਲੋਂ ਮਾਸਕ ਨਾ ਪਾਉਣ ਵਾਲੇ ਲੋਕਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਬਰਨਾਲਾ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਮਾਸਕ ਨਾ ਪਾਉਣ ਵਾਲੇ ਲੋਕਾਂ ਨੂੰ ਰੋਕ ਕੇ ਉਨ੍ਹਾਂ ਦੇ ਚਲਾਨ ਕੱਟੇ ਜਾ ਰਹੇ ਹਨ ਤੇ ਉਨ੍ਹਾਂ ਦੇ ਕੋਰੋਨਾ ਟੈਸਟ ਕਰਵਾਏ ਜਾ ਰਹੇ ਹਨ।
ਇਸ ਬਾਰੇ ਦੱਸਦੇ ਹੋਏ ਬਰਨਾਲਾ ਦੇ ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਰੋਕਣ ਲਈ ਲਗਾਤਾਰ ਪੰਜਾਬ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਹਨ। ਇਸ ਦੇ ਚਲਦੇ ਬਰਨਾਲਾ ਪੁਲਿਸ ਵੱਲੋਂ ਐਸਐਸਪੀ ਸੰਦੀਪ ਗੋਇਲ ਦੀ ਅਗਵਾਈ ਹੇਠ ਲੋਕਾਂ ਨੂੰ ਮਾਸਕ ਪਾ ਜਾਗਰੂਕਤਾ ਅਭਿਆਨ ਚਲਾਇਆ ਗਿਆ ਹੈ। ਇਸ ਦੇ ਬਾਵਜੂਦ ਬਹੁਗਿਣਤੀ ਲੋਕ ਮਾਸਕ ਨਹੀਂ ਪਾਉਂਦੇ। ਇਸ ਲਈ ਪੁਲਿਸ ਵੱਲੋਂ ਉਨ੍ਹਾਂ ਖਿਲਾਫ ਸਖ਼ਤੀ ਵਰਤੀ ਜਾ ਰਹੀ ਹੈ। ਪੁਲਿਸ ਟੀਮ ਵੱਲੋਂ ਨਾਕਾਬੰਦੀ ਕਰਕੇ ਮਾਸਕ ਨਾ ਪਾਉਣ ਵਾਲੇ ਲੋਕਾਂ ਦੀ ਕੋਰੋਨਾ ਟੈਸਟਿੰਗ ਕਰਵਾਉਣ ਅਤੇ ਚਲਾਨ ਕੱਟਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਮਾਸਕ ਨਾ ਪਹਿਨਣ ਵਾਲੇ ਵਿਅਕਤੀ ਨੂੰ 1 ਹਜ਼ਾਰ ਰੁਪਏ ਦਾ ਚਲਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਖ਼ੁਦ ਇਸ ਮਹਾਂਮਾਰੀ ਤੋਂ ਬਚਣ ਲਈ ਜਾਗਰੂਕ ਹੋਣਾ ਚਾਹੀਦਾ ਹੈ। ਜਿਸ ਕਰਕੇ ਲੋਕਾਂ ਨੂੰ ਆਪਣੇ ਬਚਾਅ ਲਈ ਮਾਸਕ ਜ਼ਰੂਰ ਪਹਿਨਣਾ ਚਾਹੀਦਾ ਹੈ।
ਇਸ ਮੌਕੇ ਲੋਕਾਂ ਦੀ ਕੋਰੋਨਾ ਟੈਸਟਿੰਗ ਕਰ ਰਹੀ ਸਿਹਤ ਵਿਭਾਗ ਦੀ ਟੀਮ ਨੇ ਦੱਸਿਆ ਕਿ ਬਰਨਾਲਾ ਪੁਲਿਸ ਦੇ ਸਹਿਯੋਗ ਨਾਲ ਲੋਕਾਂ ਦੇ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ। ਟੈਸਟ ਕਰਨ ਮੌਕੇ ਹਰ ਇੱਕ ਵਿਅਕਤੀ ਦਾ ਮੋਬਾਇਲ ਨੰਬਰ ਲੈ ਕੇ ਆਈਡੀ ਬਣਾਈ ਜਾ ਰਹੀ ਹੈ। ਜੇਕਰ ਉਸ ਦੀ ਰਿਪੋਰਟ ਪੌਜ਼ਟਿਵ ਆਉਂਦੀ ਹੈ ਤਾਂ ਸਿਹਤ ਵਿਭਾਗ ਦੀ ਟੀਮ ਵੱਲੋਂ ਉਸ ਵਿਅਕਤੀ ਨਾਲ ਸੰਪਰਕ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਸਥਾਨਕ ਲੋਕਾਂ ਨੇ ਪੁਲਿਸ ਦੀ ਇਸ ਮੁਹਿੰਮ ਦੀ ਸ਼ਲਾਘਾ ਕੀਤੀ ਹੈ ਤੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਭਲਾਈ ਲਈ ਅਜਿਹਾ ਕੀਤਾ ਜਾ ਰਿਹਾ ਹੈ।