ਬਰਨਾਲਾ: ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬਰਨਾਲਾ ਦੇ ਬਾਜ਼ਾਰਾਂ ਵਿੱਚ ਇੱਕ ਵੱਡਾ ਰੋਸ ਮਾਰਚ ਕੱਢਿਆ ਗਿਆ। ਇਹ ਰੋਸ ਮਾਰਚ ਖੇਤੀ ਕਾਨੂੰਨਾਂ ਦੇ ਵਿਰੋਧ ਅਤੇ ਦਿੱਲੀ ਜਾਣ ਦੀਆਂ ਤਿਆਰੀਆਂ ਨੂੰ ਲੈ ਕੇ ਕੱਢਿਆ ਗਿਆ। ਇਸ ਰੋਸ ਮਾਰਚ ਰਾਹੀਂ ਕਿਸਾਨਾਂ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਗਿਆ। ਇਸ ਰੋਸ ਮਾਰਚ ਵਜੋਂ ਸੈਂਕੜੇ ਟਰੈਕਟਰ-ਟਰਾਲੀਆਂ ਅਤੇ ਮੋਟਰਸਾਈਕਲ ਲੈ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਸ਼ਾਮਲ ਹੋਏ।
ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਆਗੂਆਂ ਨਾਲ ਖੇਤੀ ਕਾਨੂੰਨਾਂ ਨੂੰ ਲੈ ਕੇ ਕੀਤੀ ਗਈ ਮੀਟਿੰਗ ਸੰਜੀਦਾ ਨਹੀਂ ਸੀ। ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਵਤੀਰੇ ਨੂੰ ਦੇਖਦੇ ਹੋਏ ਅੱਜ ਦਾ ਰੋਸ ਮਾਰਚ ਕੱਢਿਆ ਗਿਆ ਹੈ। ਇਸ ਰੋਸ ਮਾਰਚ ਰਾਹੀਂ ਕਿਸਾਨਾਂ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਇਸ ਸੰਘਰਸ਼ ਦਾ ਹਿੱਸਾ ਬਣਨ ਲਈ ਵੀ ਸੱਦਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦਿੱਲੀ ਜਾਣ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀ।
ਉਨ੍ਹਾਂ ਕਿਹਾ ਕਿ 26 ਅਤੇ 27 ਨਵੰਬਰ ਨੂੰ ਪੰਜਾਬ ਦੇ ਕਿਸਾਨ ਲੱਖਾਂ ਦੀ ਗਿਣਤੀ ਵਿੱਚ ਖਨੌਰੀ ਅਤੇ ਡੱਬਵਾਲੀ ਬਾਰਡਰ ਰਾਹੀਂ ਪੰਜਾਬ ਤੋਂ ਦਿੱਲੀ ਨੂੰ ਰਵਾਨਾ ਹੋਣਗੇ। ਜੇਕਰ ਸਰਕਾਰ ਨੇ ਕਿਸਾਨਾਂ ਨੂੰ ਰੋਕਿਆ ਤਾਂ ਬੈਰੀਕੇਡ ਤੋੜਨ ਲਈ ਵੀ ਮਜਬੂਰ ਹੋਵਾਂਗੇ।
ਦਿੱਲੀ ਦੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਉੱਤੇ ਭੜਕਦੇ ਹੋਏ ਕਿਸਾਨਾਂ ਨੇ ਕਿਹਾ ਕਿ ਪਹਿਲਾਂ ਵੀ ਖੇਤੀ ਕਾਨੂੰਨ ਕੋਰੋਨਾ ਵਾਇਰਸ ਦੀ ਆੜ ਵਿੱਚ ਲਾਗੂ ਕੀਤੇ ਗਏ ਹਨ ਅਤੇ ਹੁਣ ਕੋਰੋਨਾ ਵਾਇਰਸ ਦੀ ਆੜ ਹੇਠ ਕਿਸਾਨਾਂ ਦੇ ਸੰਘਰਸ਼ ਨੂੰ ਫੇਲ੍ਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨ ਹਿਤੈਸ਼ੀ ਅਖਵਾਉਣ ਵਾਲੇ ਅਰਵਿੰਦ ਕੇਜਰੀਵਾਲ ਦਾ ਚਿਹਰਾ ਵੀ ਹੁਣ ਨੰਗਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਜਾਣ ਦੀਆਂ ਤਿਆਰੀਆਂ ਨੂੰ ਲੈ ਕੇ ਪਿੰਡਾਂ ਵਿਚੋਂ ਰਾਸ਼ਨ ਅਤੇ ਫੰਡ ਇਕੱਠੇ ਕੀਤੇ ਜਾ ਰਹੇ ਹਨ। ਵੱਡੀ ਗਿਣਤੀ ਵਿੱਚ ਪਿੰਡਾਂ ਦੇ ਨੌਜਵਾਨ, ਕਿਸਾਨ ਅਤੇ ਔਰਤਾਂ ਦਿੱਲੀ ਘਿਰਾਓ ਵਿੱਚ ਸ਼ਾਮਲ ਹੋਣਗੇ।